ਫ਼ਿਰੋਜ਼ਪੁਰ, 15 ਜੂਨ (ਲਖਵਿੰਦਰ ਸਿੰਘ)-ਫ਼ਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਹਰਿਦੁਆਰ ਲਈ 2 ਵਿਸ਼ੇਸ਼ ਰੇਲ ਗੱਡੀਆਂ ਚਾਲੂ ਹੋਣ 'ਤੇ ਭਾਜਪਾ ਦੇ ਜ਼ਿਲ੍ਹਾ ਐੱਸ.ਸੀ. ਮੋਰਚਾ ਪ੍ਰਧਾਨ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਰੇਲ ਗੱਡੀਆਂ ਦੇ ਚੱਲਣ ਨਾਲ ਫ਼ਿਰੋਜ਼ਪੁਰ ਦਿਹਾਤੀ ਖੇਤਰ ਨੂੰ ਬਹੁਤ ਵੱਡਾ ਲਾਭ ਮਿਲੇਗਾ ਅਤੇ ਸ਼ਰਧਾਲੂਆਂ ਲਈ ਇਹ ਬਹੁਤ ਵੱਡੀ ਸਹੂਲਤ ਹੋਵੇਗੀ ਕਿ ਉਹ ਆਪਣੇ ਸ਼ਹਿਰ ਤੋਂ ਹੀ ਸਿੱਧੀ ਰੇਲ ਗੱਡੀ 'ਚ ਸਫ਼ਰ ਕਰ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਸਕਣਗੇ | ਲਾਡੀ ਗਹਿਰੀ ਨੇ ਫ਼ਿਰੋਜ਼ਪੁਰ ਵਾਸੀਆਂ ਦੀ ਲੰਮੇਰੀ ਮੰਗ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵਿਸ਼ੇਸ਼ ਤੌਰ 'ਤੇ ਦਿਲਚਸਪੀ ਲੈਂਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਉਠਾਈ ਸੀ, ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇ ਕੇ ਇਹ ਰੇਲ ਗੱਡੀਆਂ ਚਲਾਈਆਂ ਹਨ | ਲਾਡੀ ਗਹਿਰੀ ਨੇ ਫ਼ਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਫ਼ਿਰੋਜ਼ਪੁਰ ਤੋਂ ਹਰਿਦੁਆਰ ਨੂੰ ਹਫ਼ਤਾਵਾਰੀ ਰੇਲ ਗੱਡੀ ਚਲਾਏ ਜਾਣ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੋਰ ਭਾਜਪਾ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ |