ਫ਼ਿਰੋਜ਼ਪੁਰ, 15 ਜੂਨ (ਸੁਖਵਿੰਦਰ ਸਿੰਘ)-ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਸਾਬਕਾ ਮੰਤਰੀ ਤੇ ਭਾਜਪਾ ਆਗੂ ਗੁਰਮੀਤ ਸਿੰਘ ਸੋਢੀ ਨੂੰ ਫ਼ਿਰੋਜ਼ਪੁਰ ਤੋਂ ਸੱਚਖੰਡ ਹਜ਼ੂਰ ਸਾਹਿਬ ਲਈ ਹਫ਼ਤਾਵਾਰੀ ਰੇਲਗੱਡੀ ਦੀ ਸ਼ੁਰੂਆਤ ਕਰਵਾਉਣ ਦੇ ਉਪਰਾਲੇ ਲਈ ਵਧਾਈ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੋਢੀ ਇਸ ਪ੍ਰੋਜੈਕਟ ਦੀ ਮਨਜ਼ੂਰੀ ਲਈ ਉਪਰਾਲੇ ਕਰ ਰਹੇ ਸਨ | ਉਨ੍ਹਾਂ ਕਈ ਵਾਰ ਦਿੱਲੀ ਜਾ ਕੇ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨਾਲ ਮੁਲਾਕਾਤਾਂ ਕਰ ਕੇ ਆਪਣੀਆਂ ਮੰਗਾਂ ਰੱਖੀਆਂ | ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ਾਂ ਰਾਹੀਂ ਹੀ ਇਹ ਰੇਲਗੱਡੀ ਮਨਜ਼ੂਰ ਹੋਈ | ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਫ਼ਿਰੋਜ਼ਪੁਰ ਰੇਲਵੇ ਇਕ ਵੱਡੀ ਡਵੀਜ਼ਨ ਹੈ, ਜਿੱਥੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਹੋਰ ਵੀ ਰੇਲਗੱਡੀਆਂ ਚਲਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਨਾਲ ਜੋ ਪਿਛੜਾ ਸ਼ਬਦ ਲੱਗਾ ਹੈ, ਉਸ ਨੂੰ ਹਟਾਉਣ ਦਾ ਸਮਾਂ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਣਾ ਸੋਢੀ ਵਰਗੇ ਨੇਤਾ ਇਲਾਕੇ ਲਈ ਨਵੇਂ ਵਿਕਾਸ ਪ੍ਰੋਜੈਕਟ ਤੇ ਰੋਜ਼ਗਾਰ ਯੋਜਨਾਵਾਂ ਲਿਆ ਸਕਦੇ ਹਨ | ਸੁਸਾਇਟੀ ਵਲੋਂ ਸ਼ਹਿਰ ਛਾਉਣੀ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਵਲੋਂ ਵੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਉਨ੍ਹਾਂ ਦੇ ਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹੀਰਾ ਸੋਢੀ ਲਗਾਤਾਰ ਇਲਾਕੇ ਵਿਚ ਘੁੰਮਦਿਆਂ ਲੋਕਾਂ ਦੇ ਦੁੱਖ-ਸੁੱਖ 'ਚ ਭਾਗੀਦਾਰ ਬਣ ਰਹੇ ਹਨ | ਇਸ ਮੌਕੇ ਹਰਜੀਤ ਸਿੰਘ ਧਾਲੀਵਾਲ, ਦਰਸ਼ਨ ਲਾਲ ਹੀਰਾ, ਇੰਦਰਪਾਲ ਪਿ੍ੰਸ, ਗੁਰਮੀਤ ਸਿੰਘ ਹਸਤੀ ਵਾਲਾ, ਹਰਦੀਪ ਸਿੰਘ ਸਰਪੰਚ ਰੱਜੀਵਾਲਾ, ਰਾਜੇਸ਼ ਕੁਮਾਰ ਤੇ ਨਿਰਮਲ ਸਿੰਘ ਵੀ ਮੌਜੂਦ ਸਨ |