ਜ਼ੀਰਾ, 15 ਜੂਨ (ਰਜਨੀਸ਼ ਕਥੂਰੀਆ)-ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਅਤੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਲੋਕਪਿ੍ਅਤਾ ਅਤੇ ਉਨ੍ਹਾਂ ਵਲੋਂ ਜ਼ੀਰਾ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿਚ ਪਾਏ ਗਏ ਯੋਗਦਾਨ ਨੂੰ ਕੋਈ ਵੀ ਨਹੀਂ ਭੁਲਾ ਸਕਦਾ | ਇਹ ਵਿਚਾਰ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਜੱਜ ਵਲੋਂ ਕੁਲਬੀਰ ਜ਼ੀਰਾ 'ਤੇ ਉਠਾਏ ਸਵਾਲਾਂ ਦਾ ਜਵਾਬ ਵਿਚ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਨੇ ਪ੍ਰਗਟ ਕੀਤੇ | ਉਨ੍ਹਾਂ ਨੇ ਗੁਰਪ੍ਰੀਤ ਸਿੰਘ ਜੱਜ ਵਲੋਂ ਕੁਲਬੀਰ ਸਿੰਘ ਜ਼ੀਰਾ 'ਤੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੋਈ ਕੰਮ ਨਾ ਕਰਵਾਏ ਜਾਣ ਦੇਣ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ | ਜੈਨ ਨੇ ਸਪੱਸ਼ਟ ਕੀਤਾ ਕਿ ਅੱਜ ਜੇਕਰ ਸਰਬਜੀਤ ਕੌਰ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨ ਹਨ, ਤਾਂ ਇਹ ਕੇਵਲ ਕੁਲਬੀਰ ਸਿੰਘ ਜ਼ੀਰਾ ਦੀ ਬਦੌਲਤ ਹਨ | ਉਨ੍ਹਾਂ ਕਿਹਾ ਕਿ ਕੁਲਬੀਰ ਜ਼ੀਰਾ ਨੇ ਸਰਬਜੀਤ ਕੌਰ ਅਤੇ ਉਨ੍ਹਾਂ ਦੀ ਦਰਾਣੀ ਨੂੰ ਕੌਂਸਲਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ | ਇਸ ਲਈ ਜੱਜ ਪਰਿਵਾਰ ਦੀ ਸਿਆਸੀ ਸਫਲਤਾ ਵਿਚ ਜ਼ੀਰਾ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਨੇ ਦੱਸਿਆ ਕਿ ਜ਼ੀਰਾ ਨੇ ਆਪਣੀ ਸਰਕਾਰ ਦੌਰਾਨ ਜੱਜ ਪਰਿਵਾਰ ਨੂੰ ਮਾਨ-ਸਨਮਾਨ ਦੇਣ ਲਈ ਕਈ ਪੁਰਾਣੇ ਅਤੇ ਵਫ਼ਾਦਾਰ ਕਾਂਗਰਸੀਆਂ ਨੂੰ ਵੀ ਨਿਰਾਸ਼ ਕੀਤਾ ਸੀ | ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਗੁਰਪ੍ਰੀਤ ਸਿੰਘ ਜੱਜ ਪਰਿਵਾਰ ਲਈ ਇਸ ਤੋਂ ਵੱਧ ਕੁਲਬੀਰ ਜ਼ੀਰਾ ਕੀ ਕਰ ਸਕਦੇ ਸਨ? ਹਰੀਸ਼ ਜੈਨ ਨੇ ਹੋਰ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਦੀ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਜ਼ੀਰਾ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਾਰੇ ਜਾਣਦੇ ਹਨ | ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਵੀ ਕਾਂਗਰਸ ਵਿਚ ਰਹਿ ਕੇ ਲੋਕ ਸੇਵਾ ਅਤੇ ਸੰਘਰਸ਼ ਦੀ ਮਿਸਾਲ ਕਾਇਮ ਕੀਤੀ | ਉਨ੍ਹਾਂ ਕਿਹਾ ਕਿ ਕੁਲਬੀਰ ਜ਼ੀਰਾ ਦੀ ਲੋਕਪਿ੍ਅਤਾ ਅਤੇ ਸਮਰਪਿਤ ਭਾਵਨਾ ਨੂੰ ਚੁਣੌਤੀ ਦੇਣ ਵਾਲੇ ਬੀਤੇ ਨੂੰ ਭੁੱਲ ਰਹੇ ਹਨ | ਉਨ੍ਹਾਂ ਨੇ ਜੱਜ ਦੇ ਇਲਜ਼ਾਮ, ਜਿਸ ਵਿਚ ਕੁਲਬੀਰ ਜ਼ੀਰਾ 'ਤੇ ਕਾਂਗਰਸ ਦੇ ਵੱਖ-ਵੱਖ ਆਗੂਆਂ ਨਾਲ ਸੰਪਰਕ ਰੱਖਣ ਦਾ ਦੋਸ਼ ਲਗਾਇਆ ਹੈ, ਨੂੰ ਬੇਤੁਕਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਇਕ ਵਿਸ਼ਾਲ ਪਾਰਟੀ ਹੈ, ਜਿੱਥੇ ਨੇਤਾਵਾਂ ਦੀ ਮਿੱਤਰਤਾ ਅਤੇ ਸੰਪਰਕ ਸੁਭਾਵਿਕ ਹਨ | ਇਸ ਦਾ ਮਤਲਬ ਇਹ ਨਹੀਂ ਕਿ ਜ਼ੀਰਾ ਨੇ ਕਾਂਗਰਸ ਛੱਡ ਦਿੱਤੀ | ਉਹ ਅੱਜ ਵੀ ਪਾਰਟੀ ਨਾਲ ਪੂਰੀ ਵਫ਼ਾਦਾਰੀ ਨਾਲ ਜੁੜੇ ਹੋਏ ਹਨ | ਜੈਨ ਨੇ ਦੱਸਿਆ ਕਿ ਕੁਲਬੀਰ ਸਿੰਘ ਜ਼ੀਰਾ ਹਲਕੇ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ | ਉਨ੍ਹਾਂ ਦੀ ਅਗਵਾਈ ਵਿਚ ਲੋਕ ਵੱਡੀ ਗਿਣਤੀ ਵਿਚ ਕਾਂਗਰਸ ਨਾਲ ਜੁੜ ਰਹੇ ਹਨ ਅਤੇ ਉਨ੍ਹਾਂ ਦੀ ਜਨ ਸੇਵਾ ਅਤੇ ਸਿਆਸੀ ਸਮਝ ਨੇ ਉਨ੍ਹਾਂ ਨੂੰ ਹਲਕੇ ਦਾ ਸਭ ਤੋਂ ਪ੍ਰਭਾਵਸ਼ਾਲੀ ਆਗੂ ਸਾਬਤ ਕੀਤਾ ਹੈ | ਜੇਕਰ ਜੱਜ ਪਰਿਵਾਰ ਅੱਜ ਸਿਆਸੀ ਤੌਰ 'ਤੇ ਸਥਾਪਤ ਹੈ, ਤਾਂ ਇਸ ਦਾ ਮੁੱਖ ਕਾਰਨ ਜ਼ੀਰਾ ਦਾ ਸਮਰਥਨ ਹੈ ਜੋ ਇਕ ਸਚਾਈ ਹੈ ਅਤੇ ਜੱਜ ਨੂੰ ਸਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ | ਹਰੀਸ਼ ਜੈਨ ਨੇ ਸਥਾਨਕ ਕਾਂਗਰਸ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੁਲਬੀਰ ਜ਼ੀਰਾ ਦੀ ਅਗਵਾਈ ਵਿਚ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਕਿਉਂਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੀ ਹੈ |