ਫ਼ਿਰੋਜ਼ਪੁਰ, 16 ਜੂਨ (ਲਖਵਿੰਦਰ ਸਿੰਘ)-ਦੇਸ਼ ਭਰ ਦੇ ਮੈਡੀਕਲ ਕਾਲਜਾਂ ਦੀ ਦਾਖ਼ਲਾ ਪ੍ਰੀਖਿਆ ਨੀਟ 2025 ਪਾਸ ਕਰਨ ਵਾਲੇ ਕੁਲ 474 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ 'ਚੋਂ 213 ਵਿਦਿਆਰਥੀ ਸਿਰਫ਼ 10 ਮੈਰੀਟੋਰੀਅਸ ਸਕੂਲਾਂ ਦੇ ਹਨ | ਹੁਣ ਇਹ ਵਿਦਿਆਰਥੀ ਐਮ.ਬੀ.ਬੀ.ਐੱਸ., ਬੀ.ਡੀ.ਐੱਸ. ਅਤੇ ਬੀ.ਏ.ਐਮ.ਐੱਸ. ਵਰਗੇ ਕੋਰਸਾਂ ਵਿਚ ਦਾਖ਼ਲਾ ਲੈ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਬਖ਼ਸ਼ਣਗੇ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ ਭਰਨਗੇ | ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਰੀਟੋਰੀਅਸ ਸਕੂਲਾਂ ਦੇ 135 ਵਿਦਿਆਰਥੀਆਂ ਨੇ ਜੇ.ਈ.ਈ ਮੇਨ ਅਤੇ 21 ਵਿਦਿਆਰਥੀ ਜੇ.ਈ.ਈ ਐਡਵਾਂਸਡ ਕੁਆਲੀਫ਼ਾਈ ਕਰਕੇ ਆਈ.ਆਈ.ਟੀ ਅਤੇ ਐਨ.ਆਈ.ਟੀ ਵਰਗੀਆਂ ਨਾਮੀ ਸੰਸਥਾਵਾਂ ਵਿਚ ਦਾਖਲਾ ਲੈਣ ਯੋਗ ਹੋ ਗਏ ਹਨ | ਇਸੇ ਤਰ੍ਹਾਂ ਹੀ ਬਾਰ੍ਹਵੀਂ ਦੀ ਬੋਰਡ ਨਤੀਜਿਆਂ ਵਿਚ 37 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ | ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਸਮਰਪਣ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ | ਇੱਥੇ ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿਚ ਪੰਜਾਬ ਦੇ ਆਰਥਿਕਤਾ ਪੱਖੋਂ ਗ਼ਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ | ਇਨ੍ਹਾਂ ਸਕੂਲਾਂ ਵਿਚ ਉੱਚ ਯੋਗਤਾ ਤੇ ਤਜਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹੀ ਹਰ ਸਾਲ ਦੇਸ਼ ਦੇ ਮਿਆਰੀ ਟੈੱਸਟ ਨੀਟ, ਜੇ.ਈ.ਈ., ਸੀ.ਐਮ.ਏ., ਐਨ.ਡੀ.ਏ. ਵਿਚ ਸੈਂਕੜੇ ਵਿਦਿਆਰਥੀ ਇਨ੍ਹਾਂ ਟੈੱਸਟਾਂ ਨੂੰ ਪਾਸ ਕਰਦੇ ਹਨ | ਅੱਜ ਦੇ ਦੌਰ ਵਿਚ ਦੇਸ਼ 'ਚ ਸ਼ਾਇਦ ਹੀ ਕਿਧਰੇ ਹੋਰ ਮਿਸਾਲ ਹੋਵੇ ਕਿ ਬਿਨਾਂ ਕੋਈ ਫ਼ੀਸ ਦਿੱਤੇ ਬੱਚੇ ਅਜਿਹੇ ਟੈਸਟ ਪਾਸ ਕਰ ਸਕਣ | ਇਸ ਸਫਲਤਾ ਲਈ ਤਜਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ | ਅਜਿਹੇ ਸ਼ਾਨਦਾਰ ਨਤੀਜੇ ਦੇ ਰਹੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਜੋ ਲਗਭਗ 11 ਸਾਲਾਂ ਤੋਂ ਕੱਚੇ ਹੋਣ ਦਾ ਸੰਤਾਪ ਹੰਢਾ ਰਹੇ ਹਨ, ਨਾਲ ਸਿੱਖਿਆ ਦੇ ਨਾਮ 'ਤੇ ਸੱਤਾ ਵਿਚ ਆਈ ਪੰਜਾਬ ਸਰਕਾਰ ਨੂੰ ਇਨਸਾਫ਼ ਕਰਨਾ ਚਾਹੀਦਾ ਹੈ | ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਦਾ ਕਹਿਣਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੀਟ ਦੀ ਪ੍ਰੀਖਿਆ ਵਿਚ ਮੈਰੀਟੋਰੀਅਸ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ | ਮੈਰੀਟੋਰੀਅਸ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੇ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਸਾਡੀ ਮਿਹਨਤ ਦਾ ਮੁੱਲ ਨਹੀਂ ਪਾਇਆ ਤੇ ਸੱਤਾ 'ਤੇ ਬਿਰਾਜਮਾਨ ਸਰਕਾਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਨਹੀਂ ਕਰ ਸਕੀ | ਮਿਹਨਤ ਦਾ ਮੁੱਲ ਨਾ ਪਾਉਣਾ ਕਿਤੇ ਨਾ ਕਿਤੇ ਸਰਕਾਰ ਦਾ ਮੈਰੀਟੋਰੀਅਸ ਅਧਿਆਪਕਾਂ ਦੇ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦਰਸਾਉਂਦਾ ਹੈ | ਕੀ ਸਿੱਖਿਆ ਵਿਚ ਬਹੁਮੁੱਲਾ ਯੋਗਦਾਨ ਪਾਉਣ ਵਾਲੇ ਮੈਰੀਟੋਰੀਅਸ ਅਧਿਆਪਕ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਦਾ ਅੱਗੇ ਵੀ ਸ਼ਿਕਾਰ ਹੁੰਦੇ ਰਹਿਣਗੇ ਜਾਂ ਪੰਜਾਬ ਸਰਕਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖਿਆ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਮੈਰੀਟੋਰੀਅਸ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦਾ ਕੋਈ ਹੱਲ ਕਰੇਗੀ?