ਮੱਲਾਂਵਾਲਾ, 16 ਜੂਨ (ਬਲਬੀਰ ਸਿੰਘ ਜੋਸਨ)-ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਕਾਮਲ ਵਾਲਾ ਵਿਚ ਪੰਜਾਬ ਸਰਕਾਰ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ 1963 ਦੇ ਆਬਾਦਕਾਰ ਕਿਸਾਨਾਂ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ, ਝੂਠੇ ਮਾਮਲੇ ਦਰਜ ਕਰਨ, ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਗਿ੍ਫ਼ਤਾਰੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਇਕ ਬਜ਼ੁਰਗ ਮਾਤਾ ਸੁਰਜੀਤ ਕੌਰ ਸਦਮੇ 'ਚ ਚਲੀ ਗਈ ਅਤੇ ਸਦਮਾ ਨਾ ਸਹਾਰਦੇ ਹੋਏ ਮਾਤਾ ਮੌਤ ਹੋ ਗਈ | ਇਸ ਮਾਮਲੇ ਵਿਚ ਮਾਤਾ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਵਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੱਕ ਮਾਤਾ ਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕਰ ਦਿੱਤਾ | ਮਿਲੀ ਜਾਣਕਾਰੀ ਅਨੁਸਾਰ ਮਾਤਾ ਸੁਰਜੀਤ ਕੌਰ ਦੇ ਪੁੱਤਰ ਟਹਿਲ ਸਿੰਘ ਨੇ ਦੱਸਿਆ ਸਰਕਾਰ ਵਲੋਂ ਸਾਨੂੰ 2/11/ 1963 ਨੂੰ ਜ਼ਮੀਨ ਅਲਾਟ ਕੀਤੀ ਗਈ ਸੀ | ਇਹ ਜ਼ਮੀਨਾਂ ਸਾਡੇ ਪੁਰਖਿਆਂ ਵਲੋਂ 1963 ਤੋ ਝੱਲ ਬੂਟ ਪੁੱਟ ਕੇ ਆਬਾਦ ਕੀਤੀਆਂ ਗਈਆਂ ਹਨ | ਉਦੋਂ ਤੋਂ ਲੈ ਕੇ ਅੱਜ ਤੱਕ ਜ਼ਮੀਨਾਂ ਅਸੀਂ ਵਾਹ ਰਹੇ ਹਾਂ ਅਤੇ ਸਾਡਾ ਹੀ ਇਸ ਜ਼ਮੀਨ 'ਤੇ ਕਬਜ਼ਾ ਹੈ | ਹੁਣ ਸਰਕਾਰ ਸਾਡੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨਾ ਚਾਹੁੰਦੀ ਹੈ, ਜਿਸ ਦੇ ਸੰਬੰਧ ਵਿਚ ਪਹਿਲਾਂ 9 ਜੂਨ ਨੂੰ ਜ਼ਮੀਨ 'ਤੇ ਸਰਕਾਰ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਕਬਜ਼ਾ ਕਰਨ ਲਈ ਸਾਡੇ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਕਰਵਾਈ ਗਈ, ਪਰ ਪ੍ਰਸ਼ਾਸਨ ਕਬਜ਼ਾ ਲੈਣ ਨਹੀਂ ਆਇਆ ਅਤੇ 12 ਜੂਨ ਨੂੰ ਫਿਰ ਵੱਡੀ ਪੱਧਰ 'ਤੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਭਾਰੀ ਫੋਰਸ ਬਲ ਨਾਲ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਪਹੁੰਚਿਆ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਾਡੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਪ੍ਰਸ਼ਾਸਨ ਨੂੰ ਬਿਨਾਂ ਕਬਜ਼ਾ ਲੈ ਵਾਪਸ ਮੁੜਨਾ ਪਿਆ | ਇਸ ਮਾਮਲੇ ਦੇ ਸੰਬੰਧ ਪੁਲਿਸ ਵਲੋਂ ਜ਼ਮੀਨ ਮਾਲਕਾਂ, ਛੋਟੇ ਬੱਚਿਆਂ, ਕਿਸਾਨਾਂ ਸਮੇਤ 60 ਲੋਕਾਂ 'ਤੇ ਝੂਠਾ ਮਾਮਲਾ ਦਰਜ ਕੀਤਾ ਗਿਆ | ਜਿਸ ਦੌਰਾਨ ਪੁਲਿਸ ਵਲੋਂ ਦਹਿਸ਼ਤ ਵਰਗਾ ਮਾਹੌਲ ਬਣਾਉਣ ਲਈ ਰੋਜ਼ਾਨਾ ਹੀ ਸਾਡੇ ਘਰ 'ਤੇ ਛਾਪੇਮਾਰੀ ਕਰਨ ਕਾਰਨ ਸਾਡੀ ਮਾਤਾ ਸੁਰਜੀਤ ਕੌਰ ਸਦਮੇ ਵਿਚ ਚਲੀ ਗਈ ਅਤੇ ਉਸ ਦੀ ਮੌਤ ਹੋ ਗਈ | ਸਵਰਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਕਾਮਲਵਾਲਾ ਨੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਪਿੰਡ ਦੇ ਸਰਪੰਚ 'ਤੇ ਧੱਕੇਸ਼ਾਹੀ ਕਰਕੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ | ਉਹਨਾਂ ਕਿਹਾ ਕਿ ਜਦੋਂ ਪ੍ਰਸ਼ਾਸਨ 12 ਜੂਨ ਨੂੰ ਕਬਜ਼ਾ ਲੈਣ ਆਇਆ ਤਾਂ ਪਿੰਡ ਦੇ ਸਰਪੰਚ ਲਾਡੀ ਨੇ ਮੇਰੇ 'ਤੇ ਡਾਂਗਾਂ ਮਾਰ ਕੇ ਕੁੱਟਮਾਰ ਕੀਤੀ | ਉਹ ਨੇ ਦੱਸਿਆ ਕਿ ਸਾਡੀ ਮਾਤਾ ਦੀ ਲਾਸ਼ ਘਰੇ ਪਈ ਹੈ ਪਰ ਪੁਲਿਸ ਸਾਨੂੰ ਗਿ੍ਫਤਾਰ ਕਰਨ ਲਈ ਅੱਜ ਸਾਡੇ ਘਰੇ ਛਾਪੇਮਾਰੀ ਕਰ ਰਹੀ ਹੈ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਗੁਰਮੇਲ ਸਿੰਘ ਫਤੇਵਾਲਾ, ਸੁਰਜੀਤ ਸਿੰਘ ਫ਼ੌਜੀ ਪ੍ਰਧਾਨ, ਸਾਹਿਬ ਸਿੰਘ ਦੀਨੇ ਕੇ, ਹਰਫ਼ੂਲ ਸਿੰਘ ਦੁਲੇਵਾਲਾ ਨੇ ਕਿਹਾ ਕਿ ਜਥੇਬੰਦੀ ਆਬਾਦਕਾਰ ਕਿਸਾਨਾਂ ਦੀ ਲੜਾਈ ਪਿਛਲੇ ਸਮੇਂ ਤੋਂ ਲੜ ਰਹੀ ਹੈ | ਪਿੰਡ ਕਾਮਲ ਵਾਲਾ ਦੇ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪੰਚਾਇਤ ਵਿਭਾਗ ਜਬਰੀ ਕਬਜ਼ਾ ਕਰਨਾ ਚਾਹੁੰਦਾ ਹੈ | ਕਿਸੇ ਵੀ ਕੀਮਤ ਤੇ ਕਿਸਾਨਾਂ ਦੀਆਂ ਆਬਾਦਕਾਰ ਜ਼ਮੀਨਾਂ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ | ਉਹਨਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਤਾੜਨਾ ਕੀਤੀ ਕਿ ਜੇਕਰ ਸਰਕਾਰ ਨੇ ਜਬਰੀ ਜ਼ਮੀਨਾਂ ਦੇ ਕਬਜ਼ਾ ਕਰਨੇ ਬੰਦ ਨਾ ਕੀਤੇ ਅਤੇ ਪਰਿਵਾਰ ਤੇ ਕਿਸਾਨਾਂ 'ਤੇ ਕੀਤੇ ਗਏ ਨਜਾਇਜ਼ ਪਰਚੇ ਰੱਦ ਨਾ ਕੀਤੇ ਤਾਂ ਮਾਤਾ ਜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ | ਅਤੇ ਮਾਤਾ ਸੁਰਜੀਤ ਕੌਰ ਦੀ ਲਾਸ਼ ਨੂੰ ਘਰ ਵਿਚ ਰੱਖ ਕੇ ਹੀ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ |