ਗੁਰੂਹਰਸਹਾਏ, 16 ਜੂਨ (ਕਪਿਲ ਕੰਧਾਰੀ)-ਇਕ ਪਾਸੇ ਪੰਜਾਬ ਵਿਚ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ | ਉੱਥੇ ਹੀ ਗਰਮੀ ਵਿਚ ਬਿਜਲੀ ਵਿਭਾਗ ਵਲੋਂ ਲਗਾਤਾਰ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ | ਉੱਥੇ ਹੀ ਗੱਲ ਕੀਤੀ ਜਾਵੇ ਗੁਰੂਹਰਸਹਾਏ ਦੀ ਕੱਲ੍ਹ ਗੁਰੂਹਰਸਹਾਏ ਸ਼ਹਿਰ ਵਿਚ ਟਾਊਨ ਤਿੰਨ ਨੂੰ ਛੱਡ ਕੇ ਬਾਕੀ ਸਾਰਿਆਂ ਟਾਊਨਾਂ ਦਾ ਦੁਪਹਿਰ 3 ਵਜੇ ਦੇ ਕਰੀਬ ਬਿਜਲੀ ਦਾ ਕੱਟ ਲੱਗ ਗਿਆ ਸੀ ਅਤੇ ਕੁੱਝ ਸਮੇਂ ਬਾਅਦ ਜਦ ਸ਼ਹਿਰ ਦੇ ਲੋਕਾਂ ਵਲੋਂ ਬਿਜਲੀ ਕਰਮਚਾਰੀਆਂ ਨੂੰ ਕੱਟ ਸੰਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਦਿਕ ਤੋਂ ਜੋ 66 ਕੇ.ਵੀ ਦੀ ਜੋ ਸਪਲਾਈ ਆਉਂਦੀ ਹੈ, ਉਸ ਵਿਚ ਕੁੱਝ ਖ਼ਰਾਬੀ ਹੋ ਗਈ ਹੈ ਅਤੇ ਕੁੱਝ ਸਮੇਂ ਵਿਚ ਲਾਈਟ ਠੀਕ ਹੋ ਜਾਵੇਗੀ | ਲੋਕਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਪਹਿਲਾਂ ਲੋਕਾਂ ਨੂੰ ਮੋਬਾਈਲ 'ਤੇ ਕਰੀਬ 5 ਵਜੇ ਦਾ ਮੈਸੇਜ ਲਗਾਇਆ ਕਿ 5 ਵਜੇ ਬਿਜਲੀ ਦੀ ਸਪਲਾਈ ਬਹਾਲ ਹੋ ਜਾਵੇਗੀ | ਉਸ ਤੋਂ ਬਾਅਦ ਇਸ ਨੂੰ ਵਧਾ ਕੇ ਸ਼ਾਮ ਦੇ ਕਰੀਬ 7 ਵਜੇ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜਦ ਵਿਭਾਗ ਦੇ ਕਰਮਚਾਰੀਆਂ ਨੂੰ ਬਿਜਲੀ ਦੀ ਬਹਾਲੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਵਲੋਂ ਕੋਈ ਵੀ ਸਹੀ ਜਵਾਬ ਨਹੀਂ ਦਿੱਤਾ ਗਿਆ ਅਤੇ ਬਿਜਲੀ ਵਿਭਾਗ ਵਲੋਂ ਜੋ ਲੋਕਾਂ ਨੂੰ ਬਿਜਲੀ ਸਬੰਧੀ ਜਾਣਕਾਰੀ ਦੇਣ ਲਈ ਗਰੁੱਪ ਬਣਾਇਆ ਹੋਇਆ ਹੈ, ਉਸ ਵਿਚ ਬਿਜਲੀ ਮੁਲਾਜ਼ਮਾਂ ਵਲੋਂ ਵਾਰ ਵਾਰ ਇਹ ਮੈਸੇਜ ਜ਼ਰੂਰ ਪਾਇਆ ਜਾ ਰਿਹਾ ਸੀ ਕਿ ਮੁਲਾਜ਼ਮਾਂ ਨੂੰ ਵਾਰ-ਵਾਰ ਫ਼ੋਨ ਨਾ ਕਰੋ | ਤੁਹਾਡੇ ਫ਼ੋਨ ਕਰਨ ਨਾਲ ਲਾਈਟ ਨਹੀਂ ਆਉਣੀ | ਕਰਮਚਾਰੀ ਲਾਈਟ ਠੀਕ ਕਰ ਰਹੇ ਹਨ | ਉੱਥੇ ਹੀ ਬਿਜਲੀ ਵਿਭਾਗ ਵਲੋਂ ਟਾਊਨ ਤਿੰਨ ਨੂੰ ਸਾਰਾ ਦਿਨ ਹੀ ਚਾਲੂ ਰੱਖਿਆ | ਇਸ ਟਾਊਨ ਵਿਚ ਸ਼ੈਲਰ ਅਤੇ ਹੋਰ ਇੰਡਸਟਰੀ ਆਉਂਦੀ ਹੈ | ਲੋਕਾਂ ਨੇ ਰੋਸ ਜ਼ਾਹਿਰ ਕੀਤਾ ਕਿ ਦੁਪਹਿਰ 3 ਵਜੇ ਤੋਂ ਕਰੀਬ ਗਈ ਲਾਈਟ ਰਾਤ ਦੇ 12 ਵਜੇ ਆਉਣ ਕਰਕੇ ਜਿੱਥੇ ਉਨ੍ਹਾਂ ਦੇ ਸਾਰੇ ਕੰਮਕਾਜ ਰਹਿ ਗਏ, ਉੱਥੇ ਹੀ ਉਨ੍ਹਾਂ ਨੂੰ ਸਾਰਾ ਦਿਨ ਗਰਮੀ ਵਿਚ ਕੱਟਣੀ ਪਈ | ਇਸ ਮੌਕੇ ਲੋਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਬਿਜਲੀ ਦਾ ਕੱਟ ਲਗਾਉਣਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸਹੀ ਸਮੇਂ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਆਪਣੇ ਕੰਮਕਾਜ ਪਹਿਲਾਂ ਤੋਂ ਹੀ ਨਿਪਟਾ ਲੈਣ |