ਤਲਵੰਡੀ ਭਾਈ, 18 ਜੂਨ (ਕੁਲਜਿੰਦਰ ਸਿੰਘ ਗਿੱਲ)-ਉੱਘੇ ਸਮਾਜ ਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਸੁਰਿੰਦਰਪਾਲ ਓਬਰਾਏ ਵਲੋਂ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤਲਵੰਡੀ ਭਾਈ ਅਤੇ ਮੁੱਦਕੀ ਇਲਾਕਿਆਂ ਨਾਲ ਸਬੰਧਿਤ 15 ਲੋੜਵੰਦ , ਵਿਧਵਾਵਾਂ ਅਤੇ ਅੰਗਹੀਣਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ ਅਤੇ ਮਹਾਵੀਰ ਸਿੰਘ ਵਲੋਂ ਵੰਡੇ ਗਏ | ਇਸ ਮੌਕੇ 'ਤੇ ਸੰਸਥਾ ਦੀ ਜ਼ਿਲ੍ਹਾ ਟੀਮ ਵਿਚ ਸ਼ਾਮਲ ਕੀਤੇ ਗਏ ਮੈਂਬਰ ਪਾਲ ਸਿੰਘ ਨੂੰ ਜ਼ਿਲ੍ਹਾ ਜਰਨਲ ਸਕੱਤਰ ਅਤੇ ਜਸਪ੍ਰੀਤ ਕੌਰ, ਰਣਧੀਰ ਜੋਸ਼ੀ ਅਤੇ ਪ੍ਰੇਮ ਮਨਚੰਦਾ ਮੁੱਦਕੀ ਨੂੰ ਜ਼ਿਲ੍ਹਾ ਮੈਂਬਰ ਨਿਯੁਕਤ ਕੀਤਾ ਗਿਆ | ਸੰਸਥਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਜਸਪ੍ਰੀਤ ਕੌਰ ਇੰਚਾਰਜ ਤਲਵੰਡੀ ਭਾਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਬਾਨੀ ਡਾ. ਓਬਰਾਏ ਵਲੋਂ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ | ਜਿਨ੍ਹਾਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ 1 ਲੱਖ 37 ਹਜ਼ਾਰ ਰਾਸ਼ੀ ਦੇ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ, ਅੱਖਾਂ ਦੇ ਮੁਫ਼ਤ ਕੈਂਪ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ, ਮੈਡੀਕਲ ਸਹਾਇਤਾ , ਕਈ ਤਰ੍ਹਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ ਸਕੂਲਾਂ ਅਤੇ ਜਨਤਕ ਸਥਾਨਾਂ 'ਤੇ ਸਾਫ਼ ਪਾਣੀ ਵਾਲੇ ਆਰ.ਓ ਲਗਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਪਾਰਕ ਤਲਵੰਡੀ ਭਾਈ ਵਿਖੇ ਬਹੁਤ ਹੀ ਘੱਟ ਰੇਟਾਂ 'ਤੇ ਚੱਲ ਰਹੀ ਸੰਨੀ ਓਬਰਾਏ ਲੈਬਾਰਟਰੀ ਦਾ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡਾ ਫ਼ਾਇਦਾ ਹੋ ਰਿਹਾ ਹੈ | ਵੱਡੀ ਗਿਣਤੀ ਵਿਚ ਲੋਕ ਆਪਣੀ ਜਾਂਚ ਕਰਵਾ ਰਹੇ ਹਨ |