ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਡਾ ਮਨਦੀਪ ਕੌਰ ਨੇ ਆਗਾਮੀ ਮਾਨਸੂਨ ਸੀਜ਼ਨ 2025 ਦੌਰਾਨ ਹੜ੍ਹਾਂ ਦੇ ਕਿਸੇ ਵੀ ਸੰਭਾਵਿਤ ਖ਼ਤਰੇ ਦੇ ਟਾਕਰੇ ਲਈ ਅਗੇਤੇ ਪ੍ਰਬੰਧਾਂ ਹਿਤ ਬੈਠਕ ਕੀਤੀ ਅਤੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ | ਉਨ੍ਹਾਂ ਨੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੱਥੇ ਕਿਤੇ ਸੇਮ ਨਾਲਿਆਂ ਦੀ ਸਫ਼ਾਈ/ਰਿਪੇਅਰ ਦਾ ਕੰਮ ਬਕਾਇਆ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ | ਉਨ੍ਹਾਂ ਨੇ ਨਹਿਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਨਹਿਰਾਂ ਦੀ ਪੂਰੀ ਚੌਕਸੀ ਰੱਖੀ ਜਾਵੇ ਤਾਂ ਜੋ ਨਹਿਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ | ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਕਿ ਜੇ ਹੜ੍ਹ ਦੌਰਾਨ ਜਿੱਥੇ ਬਿਜਲੀ ਦੀ ਸਪਲਾਈ ਦੇਣ ਦੇ ਨੁਕਸਾਨ ਹੋਣ ਦਾ ਡਰ ਹੋਵੇ ਉੱਥੇ ਬਿਜਲੀ ਦੀ ਸਪਲਾਈ ਤੁਰੰਤ ਬੰਦ ਕਰ ਦਿੱਤੀ ਜਾਵੇ | ਇਸੇ ਤਰ੍ਹਾਂ ਉਨ੍ਹਾਂ ਨੇ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਵਿਚ ਸੀਵਰੇਜ ਅਤੇ ਨਾਲੇ ਬਰਸਾਤ ਤੋਂ ਪਹਿਲਾਂ ਪਹਿਲਾਂ ਸਾਫ਼ ਕੀਤੇ ਜਾਣੇ ਯਕੀਨੀ ਬਣਾਏ ਜਾਣ | ਉਨ੍ਹਾਂ ਸਿਹਤ ਵਿਭਾਗ ਨੂੰ ਦਵਾਇਆ/ਡਾਕਟਰਾਂ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਜਲ ਸਪਲਾਈ ਵਿਭਾਗ ਤੋਂ ਹੜ੍ਹਾਂ ਦੀ ਤਿਆਰੀਆਂ ਦੌਰਾਨ ਪੀਣ ਵਾਲੇ ਪਾਣੀ ਬਾਰੇ ਜਾਣਕਾਰੀ ਹਾਸ਼ਿਤ ਕੀਤੀ ਅਤੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ | ਉਨ੍ਹਾਂ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਅਫ਼ਸਰ ਨੂੰ ਹੜ੍ਹ ਦੌਰਾਨ ਪ੍ਰਭਾਵਿਤ ਹੋਣ ਵਾਲੀਆਂ ਸੜਕਾਂ ਅਤੇ ਪੁੱਲਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ | ਉਨ੍ਹਾਂ ਪਸ਼ੂ ਪਾਲਨ ਵਿਭਾਗ ਤੋਂ ਪਸ਼ੂਆਂ ਦੀ ਸੁਰੱਖਿਆ/ਦਵਾਇਆ ਆਦਿ ਚਾਰੇ ਦਾ ਪ੍ਰਬੰਧ ਬਾਰੇ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ | ਵਧੀਕ ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਨਰੇਗਾ ਤਹਿਤ ਜੋ ਹੜ੍ਹ ਰੋਕੂ ਪ੍ਰਬੰਧ ਹੋ ਸਕਦੇ ਹਨ ਉਹ ਕਰ ਲਏ ਜਾਣ | ਇਸੇ ਤਰ੍ਹਾਂ ਉਨ੍ਹਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਛੱਪੜਾਂ ਨੂੰ ਬਰਸਾਤ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਖ਼ਾਲੀ ਕਰ ਲਿਆ ਜਾਵੇ | ਉਨ੍ਹਾਂ ਨੇ ਸਿੱਖਿਆ ਵਿਭਾਗ ਤੋਂ ਪਿਛਲੇ ਸਾਲ ਹੜ੍ਹ ਦੌਰਾਨ ਪ੍ਰਭਾਵਿਤ ਸਕੂਲਾਂ ਦੀਆਂ ਜਾਣਕਾਰੀ ਲਈ ਗਈ ਅਤੇ ਵਿਭਾਗ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ | ਬੈਠਕ ਵਿਚ ਐੱਸ.ਡੀ.ਐੱਮ ਅਬੋਹਰ ਕਿ੍ਸ਼ਨਪਾਲ ਰਾਜਪੂਤ, ਐੱਸ. ਡੀ.ਐੱਮ ਫ਼ਾਜ਼ਿਲਕਾ ਵੀਰਪਾਲ ਕੌਰ, ਐੱਸ.ਡੀ.ਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ, ਪੁਲਿਸ, ਬੀ.ਐੱਸ.ਐਫ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ |