ਗੁਰੂਹਰਸਹਾਏ, 19 ਜੂਨ (ਕਪਿਲ ਕੰਧਾਰੀ)-ਵਿਸ਼ਵ ਏਕੀਕਰਨ ਅੰਦੋਲਨ ਦੇ ਸੰਯੋਜਕ ਮਦਨ ਲਾਲ ਨਰੂਲਾ ਨੇ ਸੰਯੁਕਤ ਰਾਸ਼ਟਰ ਸੰਘ ਦੇ ਪ੍ਰਧਾਨ ਫਿਲੇਮੋਨ ਯਾਂਗ ਨੂੰ ਇਕ ਮੰਗ-ਪੱਤਰ ਡਾਕ ਰਾਹੀਂ ਭੇਜ ਕੇ ਮੰਗ ਕੀਤੀ ਕਿ ਇਰਾਨ ਅਤੇ ਇਸਰਾਈਲ ਵਿਚਾਲੇ ਕੁੱਝ ਦਿਨਾਂ ਤੋਂ ਲੱਗੀ ਜੰਗ ਨੂੰ ਤੁਰੰਤ ਪ੍ਰਭਾਵ ਨਾਲ ਰੁਕਵਾਇਆ ਜਾਵੇ ਕਿਉਂਕਿ ਇਸ ਜੰਗ ਦਾ ਦੂਸਰੇ ਦੇਸ਼ਾਂ ਤੱਕ ਵੀ ਫੈਲਣ ਦਾ ਡਰ ਹੈ | ਇਸ ਤਰ੍ਹਾਂ ਇਹ ਜੰਗ ਤੀਸਰੇ ਵਿਸ਼ਵ ਯੁੱਧ ਵਿਚ ਵੀ ਬਦਲ ਜਾਣ ਦੀ ਸ਼ੰਕਾ ਹੈ | ਜਿਸ ਨਾਲ ਪੂਰੀ ਦੁਨੀਆ ਤਬਾਹ ਹੋ ਜਾਵੇਗੀ | ਇਸ ਲਈ ਇਸ ਜੰਗ ਨੂੰ ਕਿਸੇ ਵੀ ਕੀਮਤ 'ਤੇ ਰੋਕਿਆ ਜਾਣਾ ਜ਼ਰੂਰੀ ਹੈ | ਮਦਨ ਨਰੂਲਾ ਨੇ ਇਹ ਵੀ ਮੰਗ ਕੀਤੀ ਹੈ ਕਿ ਕਈ ਸਾਲਾਂ ਤੋਂ ਚੱਲੀ ਆ ਰਹੀ ਰੂਸ, ਯੁਕਰੇਨ ਅਤੇ ਇਜ਼ਰਾਈਲ ਫ਼ਿਲਸਤੀਨ ਜੰਗ ਨੂੰ ਵੀ ਰੁਕਵਾਇਆ ਜਾਵੇ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ | ਮਸਲਿਆਂ ਦਾ ਹੱਲ ਸਿਰਫ਼ ਅਤੇ ਸਿਰਫ਼ ਆਪਸੀ ਗੱਲਬਾਤ ਹੈ, ਟੇਬਲ ਟਾੱਕ ਹੈ | ਮਦਨ ਨਰੂਲਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਦੁਨੀਆ ਦੀ ਸਭ ਤੋਂ ਵੱਡੀ ਫੋਰਮ ਹੈ ਅਤੇ ਇਹ ਬਣੀ ਵੀ ਦੁਨੀਆ ਦੇ ਸਾਰੇ ਮਸਲੇ ਹੱਲ ਕਰਨ ਲਈ ਹੈ | ਉਨ੍ਹਾਂ ਨੇ ਕਿਹਾ ਕਿ ਇਸ ਫੋਰਮ ਨੂੰ ਜਲਦ ਤੋਂ ਜਲਦ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ |