ਮੁੱਦਕੀ, 19 ਜੂਨ (ਭਾਰਤ ਭੂਸ਼ਨ ਅਗਰਵਾਲ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜ਼ੋਨ ਪੰਜਾਬ ਵਲੋਂ ਅੱਠਵੀਂ, ਦਸਵੀਂ, ਬਾਰ੍ਹਵੀਂ ਜਮਾਤ 'ਚੋਂ ਪੰਜਾਬ ਭਰ ਵਿਚੋਂ ਅੱਵਲ ਰਹਿਣ ਵਾਲੇ 21 ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਪਿੰਡ ਭਲੂਰ ਵਿਖੇ ਸਮਾਜ ਸੇਵੀ ਰਾਜਵੀਰ ਸਿੰਘ ਸੰਧੂ ਪ੍ਰਧਾਨ ਮਾਲਵਾ ਜ਼ੋਨ ਪੰਜਾਬ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਐੱਸ.ਡੀ.ਐਮ ਹਰਕੰਵਲਜੀਤ ਸਿੰਘ, ਡੀ.ਐੱਸ.ਪੀ. ਦਲਬੀਰ ਸਿੰਘ ਸਿੱਧੂ, ਸਬ ਰਜਿਸਟਰਾਰ ਗੁਰਚਰਨ ਸਿੰਘ, ਐੱਸ.ਐੱਚ.ਓ. ਜਨਕ ਰਾਜ ਥਾਣਾ ਸਮਾਲਸਰ, ਸਮਾਜ ਸੇਵੀ ਡਾ. ਮਨਜੀਤ ਸਿੰਘ ਢਿੱਲੋਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇਵੀ ਪ੍ਰਸਾਦ, ਰਾਜ ਕੁਮਾਰ ਥਾਪਰ ਡਾਇਰੈਕਟਰ ਐੱਸ.ਐਮ.ਡੀ. ਵਿੱਦਿਅਕ ਸੰਸਥਾਵਾਂ ਕੋਟ ਸੁਖੀਆ, ਹਰਮਿੰਦਰਪਾਲ ਸਿੰਘ ਗਿੱਲ ਚੇਅਰਮੈਨ ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਪੋ੍ਰਗਰਾਮ ਦੀ ਸ਼ੁਰੂਆਤ ਗਾਇਕ ਅਤੇ ਗੀਤਕਾਰ ਲੇਖਕ ਤਰਸੇਮ ਖਾਨ ਲੰਡਿਆਂ ਵਾਲੇ ਨੇ ਗੀਤ ਨਾਲ ਕੀਤੀ | ਰਾਜਵੀਰ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਉਪਰੰਤ ਮਹਿਮਾਨਾਂ ਨੇ ਆਪਣੇ ਸੰਬੋਧਨ 'ਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਹੀ ਹੋਰ ਮਿਹਨਤ ਕਰਕੇ ਪੰਜਾਬ 'ਚ ਹੀ ਰਹਿ ਕੇ ਪੈਰਾਂ 'ਤੇ ਖੜੇ ਹੋਣ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਕੋਟਕਪੂਰਾ ਦੇ ਵਾਸੀ ਉੱਘੇ ਸਮਾਜ ਸੇਵੀ ਅਤੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਨੇ ਬਾਰ੍ਹਵੀਂ ਜਮਾਤ ਦੇ ਪੰਜਾਬ ਟਾਪਰ ਵਿਦਿਆਰਥੀਆਂ ਨੂੰ ਮੁਫ਼ਤ ਉੱਚ ਸਿੱਖਿਆ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪਿੰਡ ਦੇ ਸਰਪੰਚ ਅਰਸ਼ ਵਿਰਕ ਨੇ ਆਏ ਹੋਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਤਰਸੇਮ ਖਾਨ ਅਸ਼ਰਫ਼ੀ ਲੰਡੇ ਅਤੇ ਸ਼ਬੀਨਾ ਬੇਗ਼ਮ ਨੂੰ ਉਨ੍ਹਾਂ ਦੀ ਵਿਆਹ ਦੀ ਸਿਲਵਰ ਜੁਬਲੀ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਤੋਂ ਇਲਾਵਾ ਗੁਰਜੀਤ ਸਿੰਘ ਘੁਮਾਣ, ਬਲਜੀਤ ਸਿੰਘ ਖੂਹ ਵਾਲਾ, ਮਿਲਨਜੀਤ ਸਿੰਘ, ਲਾਡੀ ਸਰਵਰਪੁਰ, ਸਮਾਜ ਸੇਵੀ ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਖਾਲਸਾ ਮਾਹਲਾ, ਪਿ੍ੰਸੀਪਲ ਗੁਰਮੀਤ ਸਿੰਘ ਭਲੂਰ, ਸੂਬੇਦਾਰ ਜਸਵੀਰ ਸਿੰਘ, ਕਾਕਾ ਮਾਸਟਰ ਆਦਿ ਤੋਂ ਇਲਾਵਾ ਪਿੰਡ ਭਲੂਰ ਦੀ ਮੌਜੂਦਾ ਸਾਬਕਾ ਪੰਚਾਇਤ, ਪਿੰਡ ਦੇ ਪਤਵੰਤੇ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |