ਅਬੋਹਰ, 19 ਜੂਨ (ਵਿਵੇਕ ਹੂੜੀਆ)-ਉਪਮੰਡਲ ਅਧੀਨ ਆਉਂਦੇ ਪਿੰਡ ਖੁੱਬਣ ਵਿਚ ਅੱਜ ਅੱਧੀ ਦਰਜਨ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ | ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ | ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਇਲਾਜ ਅਧੀਨ ਪੰਕਜ ਪੁੱਤਰ ਚਿਮਨ ਲਾਲ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਦਫ਼ਤਰ ਵਿਚ ਕੰਮ ਕਰਦਾ ਹੈ | ਉਹ ਲਗਭਗ ਇੱਕ ਹਫ਼ਤਾ ਪਹਿਲਾਂ ਪਿੰਡ ਆਇਆ ਸੀ | ਉਸ ਨੇ ਕਿਹਾ ਕਿ ਕੱਲ੍ਹ ਕੁੱਝ ਨੌਜਵਾਨਾਂ ਨੇ ਉਸ ਨੂੰ ਫ਼ੋਨ 'ਤੇ ਧਮਕੀਆਂ ਦਿੱਤੀਆਂ ਸਨ ਅਤੇ ਅਗਲੇ ਦਿਨ ਜਦੋਂ ਉਹ ਆਪਣੇ ਮਾਮੇ ਦੇ ਘਰ ਡੰਗਰ ਖੇੜਾ ਤੋਂ ਪਿੰਡ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ 5-6 ਨੌਜਵਾਨਾਂ ਨੇ ਉਸ ਨੰੂ ਘੇਰ ਲਿਆ, ਜਿਨ੍ਹਾਂ ਦੇ ਹੱਥਾਂ ਵਿਚ ਬੇਸਬਾਲ ਸਨ | ਪੰਕਜ ਦੱਸਿਆ ਕਿ ਉਨ੍ਹਾਂ 'ਚੋਂ ਤਿੰਨ ਨੌਜਵਾਨਾਂ ਨੇ ਉਸ ਨੂੰ ਬਾਜ਼ਾਰ ਵਿਚ ਫੜ੍ਹ ਲਿਆ ਅਤੇ ਉਸ ਨੰੂ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ | ਇਸ ਦੌਰਾਨ ਉਸ ਦੇ ਇੱਕ ਜਾਣਕਾਰ ਨੇ ਉਸ ਨੂੰ ਉਕਤ ਨੌਜਵਾਨਾਂ ਦੇ ਚੁੰਗਲ ਤੋਂ ਬਚਾਇਆ | ਪੁੱਛਣ 'ਤੇ ਉਸ ਨੇ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਸ ਨੰੂ ਪਤਾ ਹੈ ਕਿ ਉਸ ਨੰੂ ਕਿਉਂ ਕੁੱਟਿਆ ਗਿਆ ਅਤੇ ਕਿਸ ਨੇ ਕੁੱਟਿਆ | ਘਟਨਾ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੰੂ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ | ਇਸ ਬਾਰੇ ਪੁੱਛਣ 'ਤੇ ਬਹਾਵਵਾਲਾ ਪੁਲਿਸ ਸਟੇਸ਼ਨ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਵੀ ਇਸ ਦੀ ਵੀਡੀਓ ਮਿਲ ਗਈ ਹੈ ਅਤੇ ਸੀਤੋ ਗੰੁਨੋ੍ਹ ਚੌਕੀ ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਮਾਮਲੇ ਵਿਚ ਆਪਸੀ ਲੜਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ | ਫਿਰ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ |