ਅਬੋਹਰ, 22 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਡੀ.ਏ.ਵੀ. ਕਾਲਜ ਅਬੋਹਰ ਦੇ ਸਰੀਰਕ ਸਿੱਖਿਆ ਵਿਭਾਗ, ਐੱਨ.ਐੱਸ.ਐੱਸ. ਵਿਭਾਗ ਅਤੇ ਯੋਗ ਕੇਂਦਰ ਦੇ ਸਾਂਝੇ ਉਪਰਾਲੇ ਤਹਿਤ ਅੰਤਰਰਾਸ਼ਟਰੀ ਯੋਗਾ ਦਿਹਾੜੇ ਮੌਕੇ ਯੋਗਾ ਕੈਂਪ ਦਾ ਆਯੋਜਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਐਡੇਟੋਰੀਅਮ ਵਿਚ ਕੀਤਾ ਗਿਆ | ਇਸ ਕੈਂਪ ਵਿਚ ਵਾਈਸ ਪਿ੍ੰਸੀਪਲ ਡਾਕਟਰ ਕਿਰਨ ਗਰੋਵਰ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਸ਼ਹਿਰ ਦੇ ਪਤਵੰਤੇ ਲੋਕਾਂ ਵਲ਼ੋਂ ਯੋਗ ਆਸਣ ਰਾਹੀਂ ਸਰੀਰ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੱਤਾ | ਡਾਕਟਰ ਕਿਰਨ ਗਰੋਵਰ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ | ਡੀ.ਏ.ਵੀ. ਕਾਲਜ ਅਬੋਹਰ ਆਪਣੇ ਸਮਾਜਿਕ ਕੰਮਾਂ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਆਇਆ ਹੈ | ਇਹ ਯੋਗ ਕੈਂਪ ਵੀ ਇਸ ਦਿਸ਼ਾ ਵਿਚ ਇੱਕ ਸਾਰਥਿਕ ਉਪਰਾਲਾ ਹੈ | ਉਨ੍ਹਾਂ ਆਸ਼ਾ ਜ਼ਾਹਿਰ ਕੀਤੀ ਕਿ ਵਿਦਿਆਰਥੀ ਇਸ ਤਰ੍ਹਾਂ ਹੀ ਯੋਗ ਨੂੰ ਆਪਣੇ ਜੀਵਨ ਵਿਚ ਹਰ ਰੋਜ਼ ਅਪਣਾਉਣਗੇ | ਯੋਗ ਗੁਰੂ ਸੁਆਮੀ ਸੁਖਰਾਮ ਦੀ ਅਗਵਾਈ ਵਿਚ ਪਿਛਲੇ 32 ਸਾਲਾਂ ਤੋਂ ਵੱਧ ਸਮੇਂ ਤੋਂ ਕਾਲਜ ਯੋਗਾ ਚੈਂਪੀਅਨਸ਼ਿਪ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ ਪਹਿਲਾ ਸਥਾਨ ਪ੍ਰਾਪਤ ਕਰਦਾ ਆਇਆ ਹੈ | ਸੁਆਮੀ ਸੁਖਰਾਮ ਨੇ ਕਿਹਾ ਕਿ ਯੋਗ ਲੰਬੀ ਉਮਰ ਕਰਦਾ ਹੈ ਅਤੇ ਯੋਗ ਦਾ ਪ੍ਰਭਾਵ ਪਹਿਲਾਂ ਨਾਲੋਂ ਕਾਫ਼ੀ ਵੱਧ ਗਿਆ ਹੈ | ਕਈ ਲੋਕਾਂ ਨੂੰ ਯੋਗਾ ਨਾਲ ਲਾਭ ਮਿਲ ਰਿਹਾ ਹੈ | ਇਸ ਮੌਕੇ ਸੁਰੇਸ਼ ਸ਼ਰਮਾ, ਐਨ.ਐੱਸ.ਐੱਸ. ਮੁਖੀ ਸੰਜੀਵ ਕੁਮਾਰ, ਸੁਖਦੇਵ ਕੁਮਾਰ ਅਤੇ ਸ਼ਹਿਰ ਦੇ ਪਤਵੰਤੇ ਲੋਕ ਹਾਜ਼ਰ ਸਨ |