ਅਬੋਹਰ, 22 ਜੂਨ (ਵਿਵੇਕ ਹੂੜੀਆ)- ਅਬੋਹਰ ਉਪ ਮੰਡਲ ਦੇ ਪਿੰਡ ਸੱਪਾਂਵਾਲੀ ਦੇ ਰਹਿਣ ਵਾਲੇ ਇੱਕ ਮੋਟਰਸਾਈਕਲ ਸਵਾਰ ਨੂੰ ਪਿਕਅਪ ਡਰਾਈਵਰ ਨੇ ਟੱਕਰ ਮਾਰ ਦਿੱਤੀ ਤੇ ਉਹ ਜ਼ਖਮੀ ਹੋ ਗਿਆ | ਉਸ ਨੂੰ ਇਲਾਜ ਲਈ ਸ਼੍ਰੀ ਗੰਗਾਨਗਰ ਲਿਜਾਇਆ ਗਿਆ ਜਿੱਥੇ ਕੱਲ੍ਹ ਸ਼ਾਮ ਲਗਭਗ 7 ਵਜੇ ਉਸ ਦੀ ਮੌਤ ਹੋ ਗਈ | ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਰੱਖ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਪੁੱਤਰ ਬਲਵੀਰ ਸਿੰਘ ਕੱਲ੍ਹ ਦੁਪਹਿਰ ਆਪਣੇ ਮੋਟਰਸਾਈਕਲ 'ਤੇ ਪਿੰਡ ਖੂਈਆਂ ਸਰਵਰ ਨੂੰ ਆਪਣੇ ਖੇਤ ਜਾ ਰਿਹਾ ਸੀ | ਜਦੋਂ ਜਿਵੇਂ ਹੀ ਉਹ ਖੂਈਆਂ ਸਰਵਰ ਬੱਸ ਸਟੈਂਡ 'ਤੇ ਪਹੁੰਚਿਆ ਤਾਂ ਇੱਕ ਅਣਪਛਾਤੇ ਪਿਕਅਪ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ 108 ਐਂਬੂਲੈਂਸ ਰਾਹੀਂ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ | ਬਾਅਦ ਵਿਚ ਪਰਿਵਾਰ ਉਸ ਨੂੰ ਸ਼੍ਰੀ ਗੰਗਾਨਗਰ ਲੈ ਗਿਆ ਜਿੱਥੇ ਉਸ ਦੀ ਸ਼ਾਮ 7 ਵਜੇ ਦੇ ਕਰੀਬ ਮੌਤ ਹੋ ਗਈ | ਬਾਅਦ ਵਿਚ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ | ਖੂਈਆਂ ਸਰਵਰ ਥਾਣੇ ਦੇ ਏ.ਐੱਸ.ਆਈ. ਗੁਰਸੇਵਕ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |