28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹਾਂ ਦੌਰਾਨ ਪੀੜਤ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੀ ਫ਼ਿਰੋਜ਼ਪੁਰ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਸਾਡਾ ਫਰਜ਼-ਐੱਸ.ਐੱਸ.ਪੀ.

ਅਜੀਤ ਡੈਸਕ 02-09-2025
ਫ਼ਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)- ਸਤਲੁਜ ਦਰਿਆ ਵਿਚ ਪਿਛਲੇ ਦਿਨਾਂ ਤੋਂ ਆਏ ਵਿਨਾਸ਼ਕਾਰੀ ਹੜ੍ਹਾਂ ਦੌਰਾਨ ਫ਼ਿਰੋਜ਼ਪੁਰ ਪੁਲਿਸ ਪੀੜਤ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੀ ਹੈ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀ ਜੀਅ ਜਾਨ ਨਾਲ ਸਹਾਇਤਾ ਕਰ ਰਹੀ ਹੈ | ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫ਼ਿਰੋਜ਼ਪੁਰ ਪੁਲਿਸ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੀ ਹੈ ਅਤੇ ਪਾਣੀ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੰਜਾਬ ਪੁਲਿਸ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਜ਼ਿਲ੍ਹੇ ਦੇ ਅਣਥੱਕ ਤੇ ਮਿਹਨਤੀ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਵਲੋਂ ਖ਼ੁਦ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰੇ ਕਰਕੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਹੀ ਨਹੀਂ ਬਲਕਿ ਸਮੱਸਿਆਵਾਂ ਦਾ ਸਮਾਧਾਨ ਵੀ ਕੀਤਾ ਜਾ ਰਿਹਾ ਹੈ | ਗੱਲਬਾਤ ਕਰਦਿਆਂ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਪੁਲਿਸ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਅਤੇ ਨਾਗਰਿਕ ਪ੍ਰਸ਼ਾਸਨ, ਫ਼ੌਜ, ਐੱਨ.ਡੀ.ਆਰ.ਐੱਫ ਅਤੇ ਬੀ.ਐੱਸ.ਐੱਫ ਦੇ ਸਾਂਝੇ ਯਤਨਾਂ ਨਾਲ ਅਸੀਂ ਹੜ੍ਹ-ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੇ ਹਾਂ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਲਈ ਲੰਗਰ ਦਾ ਪ੍ਰਬੰਧ ਕਰਨ ਤੋਂ ਇਲਾਵਾ ਇਸ ਚੁਣੌਤੀਪੂਰਨ ਹਾਲਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਵਿਸ਼ਵਾਸ ਦਿੰਦਿਆਂ ਐੱਸ.ਐੱਸ.ਪੀ ਨੇ ਕਿਹਾ ਕਿ ਇਸ ਅÏਖੇ ਸਮੇਂ ਵਿਚ ਸਾਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਕਿਸੇ ਵੀ ਮੁਸ਼ਕਲ ਹਾਲਤਾਂ ਵਿਚ ਫ਼ਿਰੋਜ਼ਪੁਰ ਪੁਲਿਸ ਤੁਹਾਡੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਕਿਸੇ ਵੀ ਐਮਰਜੈਂਸੀ ਲਈ ਸਾਡੀ ਹੈਲਪ ਲਾਈਨ ਨੰਬਰ 'ਤੇ ਡਾਇਲ ਕਰਕੇ ਜਾਂ ਸਬੰਧਿਤ ਥਾਣੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜਿਆ ਪਸ਼ੂਆਂ ਲਈ 100 ਕੁਇੰਟਲ ਚਾਰਾ
ਮੱਖੂ, (ਵਰਿੰਦਰ ਮਨਚੰਦਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਰਹਿਨੁਮਾਈ ਹੇਠ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੁਕਨੇ ਵਾਲਾ ਬੰਨ੍ਹ ਤੇ ਪਿੰਡ ਮਹਿਮੂਦ ਵਾਲਾ ਤੇ ਮੱਖੂ ਨੇੜਲੇ ਪਿੰਡਾਂ 'ਚ ਰਹਿੰਦੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਡਾ ਕਦਮ ਚੁੱਕਿਆ ਗਿਆ ਹੈ | ਐੱਸ.ਡੀ.ਐਮ. ਜ਼ੀਰਾ ਅਰਵਿੰਦਰ ਪਾਲ ਸਿੰਘ ਤੇ ਤਹਿਸੀਲਦਾਰ ਮੱਖੂ ਮਲੂਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੀ ਮਦਦ ਨਾਲ ਟਰੱਸਟ ਦੀ ਟੀਮ ਵਲੋਂ ਪ੍ਰਭਾਵਿਤ ਪਿੰਡਾਂ 'ਚ ਵੰਡਿਆ ਗਿਆ | ਇਹ ਚਾਰਾ ਹੜ੍ਹ ਕਾਰਨ ਪੀੜ੍ਹਤ ਪਰਿਵਾਰਾਂ ਦੇ ਪਸ਼ੂਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਕ ਵੱਡੀ ਸਹਾਇਤਾ ਹੈ | ਪਾਣੀ ਭਰਨ ਕਾਰਨ ਇਹਨਾਂ ਇਲਾਕਿਆਂ 'ਚ ਫ਼ਸਲਾਂ ਬਿਲਕੁਲ ਤਬਾਹ ਹੋ ਗਈਆਂ ਹਨ ਜਿਸ ਲਈ ਡਾ. ਓਬਰਾਏ ਵਲੋਂ ਵੱਡੀ ਗਿਣਤੀ 'ਚ ਪਸ਼ੂਆਂ ਲਈ ਚਾਰਾ ਭੇਜਿਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਜਦੋਂ ਵੀ ਕਿਤੇ ਕੁਦਰਤੀ ਆਫ਼ਤ ਆਈ, ਡਾ. ਓਬਰਾਏ ਵਲੋਂ ਹਮੇਸ਼ਾ ਮੋਹਰੀ ਹੋ ਕੇ ਸੇਵਾਵਾਂ ਦਿੱਤੀਆਂ ਹਨ | ਡਾ. ਓਬਰਾਏ ਵਲੋਂ ਇਸ ਵਾਰ ਵੀ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੜ੍ਹ ਪੀੜਤਾਂ ਦੀ ਮਦਦ ਲਈ ਇਸ ਵਾਰ ਵੀ ਡੇਢ ਕਰੋੜ ਦਾ ਬਜਟ ਤੈਅ ਕੀਤਾ ਹੈ ਜਿਸ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਸ਼ੂਆਂ ਲਈ ਚਾਰਾ, ਸੁੱਕਾ ਰਾਸ਼ਨ, ਮੱਛਰਦਾਨੀਆਂ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਤਰਪਾਲਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਤਰਲੋਕ ਸਿੰਘ ਸਰਪੰਚ ਰੁਕਨੇ ਵਾਲਾ, ਜਸਪ੍ਰੀਤ ਕੌਰ ਇੰਚਾਰਜ ਤਲਵੰਡੀ ਭਾਈ, ਮਹਾਂਵੀਰ ਸਿੰਘ ਕਿਰਨ ਪੇਂਟਰ, ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹਕੇ, ਮਨਪ੍ਰੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੇ ਆਗੂਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।