ਫ਼ਿਰੋਜ਼ਪੁਰ, 21 ਸਤੰਬਰ (ਰਾਕੇਸ਼ ਚਾਵਲਾ)- ਜੈਨੇਸਿਸ ਡੈਂਟਲ ਕਾਲਜ ਤੇ ਹਸਪਤਾਲ ਵਲੋਂ ਬਾਰਡਰ ਇਲਾਕੇ ਦੇ ਪਿੰਡ ਗੱਟੀ ਰਾਜੋਕੇ 'ਚ ਮੁਫ਼ਤ ਡੈਂਟਲ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ 'ਚ ਵੱਡੀ ਗਿਣਤੀ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੇ ਪਹੁੰਚ ਕੇ ਦੰਦਾਂ ਦੀ ਜਾਂਚ ਕਰਵਾਈ | ਇਸ ਮੌਕੇ ਹਸਪਤਾਲ ਵਲੋਂ ਡਾ. ਗਗਨਦੀਪ ਸਿੰਘ ਹਾਂਡਾ ਤੇ ਡਾ. ਸੁਮੇਰ ਕੰਬੋਜ ਨੇ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦੇਖਭਾਲ ਕਰਨ ਬਾਰੇ ਜਾਣਕਾਰੀ ਦਿੱਤੀ | ਡਾਕਟਰਾਂ ਨੇ ਲੋਕਾਂ ਨੂੰ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਫ਼ਾਈ ਤੇ ਔਰਲ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ | ਕੈਂਪ 'ਚ ਖ਼ਾਸ ਤੌਰ 'ਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਪਹੁੰਚੇ ਸਨ | ਉਨ੍ਹਾਂ ਨੇ ਪਿੰਡ 'ਚ ਜਾ ਕੇ ਹੜ੍ਹ ਪੀੜਤ ਪਰਿਵਾਰਾਂ ਦਾ ਹਾਲ ਚਾਲ ਪੁੱਛਿਆ ਅਤੇ ਜੈਨੇਸਿਸ ਡੈਂਟਲ ਹਸਪਤਾਲ ਵਲੋਂ ਲਗਾਏ ਗਏ ਇਸ ਚੈੱਕਅਪ ਕੈਂਪ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹਰ ਸੰਭਵ ਮਦਦ ਦੇ ਰਹੀ ਹੈ ਪਰ ਇਸ ਮੁਸ਼ਕਲ ਵੇਲੇ ਵਿਚ ਜਦੋਂ ਸਮਾਜਿਕ ਤੇ ਹੋਰ ਸੰਸਥਾਵਾਂ ਅੱਗੇ ਆ ਕੇ ਸੇਵਾ ਦਾ ਹੱਥ ਵਧਾਉਂਦੀਆਂ ਹਨ ਤਾਂ ਪੀੜਤ ਪਰਿਵਾਰਾਂ ਨੂੰ ਵੱਧ ਸਹਾਰਾ ਮਿਲਦਾ ਹੈ | ਜੈਨੇਸਿਸ ਡੈਂਟਲ ਕਾਲਜ ਵਲੋਂ ਲਗਾਇਆ ਗਿਆ | ਕੈਂਪ ਨਿਸ਼ਚਿਤ ਤੌਰ 'ਤੇ ਲੋਕਾਂ ਦੀ ਸਿਹਤ ਦੀ ਰੱਖਿਆ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਅੰਤ 'ਚ ਕਾਲਜ ਦੇ ਪੀ.ਆਰ.ਓ. ਰਣਜੀਤ ਸਿੰਘ ਤੇ ਮਨਜੀਤ ਸਿੰਘ ਨੇ ਮਰੀਜ਼ਾਂ ਨੂੰ ਟੂਥਪੇਸਟ, ਟੂਥਬਰੱਸ਼ ਤੇ ਲੋੜੀਂਦੀਆਂ ਦਵਾਈਆਂ ਵੰਡੀਆਂ | ਉਨ੍ਹਾਂ ਨੇ ਕਿਹਾ ਕਿ ਜੈਨੇਸਿਸ ਡੈਂਟਲ ਕਾਲਜ ਸਮੇਂ-ਸਮੇਂ 'ਤੇ ਲੋਕਾਂ ਲਈ ਸਿਹਤ ਸੰਬੰਧੀ ਕੈਂਪ ਲਗਾਉਂਦਾ ਰਹੇਗਾ ਤਾਂ ਜੋ ਜ਼ਰੂਰਤਮੰਦਾਂ ਨੂੰ ਸਿੱਧਾ ਲਾਭ ਮਿਲ ਸਕੇ |