ਜ਼ੀਰਾ,16 ਅਕਤੂਬਰ (ਰਜਨੀਸ਼ ਕਥੂਰੀਆ)-ਪਿਛਲੇ ਕਰੀਬ ਇਕ ਮਹੀਨੇ ਤੋਂ ਸਿਵਲ ਹਸਪਤਾਲ ਜ਼ੀਰਾ ਦੀ ਖ਼ਰਾਬ ਪਈ ਐਕਸਰੇ ਮਸ਼ੀਨ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨਵੀਨ ਸੇਠੀ ਦੇ ਯਤਨਾਂ ਸਦਕਾ ਠੀਕ ਹੋ ਗਈ ਹੈ | ਜਿਸ ਤੋਂ ਬਾਅਦ ਮਰੀਜ਼ਾਂ ਨੇ ਰਾਹਤ ਮਹਿਸੂਸ ਕੀਤੀ ਹੈ | ਇੱਥੇ ਜ਼ਿਕਰਯੋਗ ਹੈ ਕਿ ਐਕਸਰੇ ਮਸ਼ੀਨ ਖ਼ਰਾਬ ਹੋਣ ਕਰਕੇ ਜ਼ੀਰਾ ਇਲਾਕੇ ਵਿਚ ਦੁਰਘਟਨਾਵਾਂ ਵਿਚ ਅਤੇ ਲੜਾਈ-ਝਗੜਿਆਂ ਦੇ ਮਾਮਲਿਆਂ ਵਿਚ ਹੱਡੀਆਂ ਟੁੱਟਣ ਵਾਲੇ ਅਤੇ ਗੰਭੀਰ ਡੂੰਘੀਆਂ ਸੱਟਾਂ ਤੋਂ ਪੀੜਤ ਮਰੀਜ਼ਾਂ ਤੋਂ ਇਲਾਵਾ ਹੋਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਜ਼ੀਰਾ ਦੀ ਐਕਸਰੇ ਮਸ਼ੀਨ ਖ਼ਰਾਬ ਹੋਣ ਕਰਕੇ ਐਕਸਰੇ ਕਰਵਾਉਣ ਲਈ ਗੁਰੂਹਰਸਾਏ ਜਾਣਾ ਪੈਂਦਾ ਸੀ | ਇਸ ਤਰ੍ਹਾਂ ਮਰੀਜ਼ਾਂ ਦੀ ਜਿੱਥੇ ਖੱਜਲ ਖ਼ੁਆਰੀ ਹੁੰਦੀ ਸੀ | ਉੱਥੇ ਉਨ੍ਹਾਂ ਦੇ ਵਾਰਸਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਸੀ | ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਐੱਸ.ਐਮ.ਓ. ਨਵੀਨ ਸੇਠੀ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਪਾਵਰ ਕਾੱਮ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਐਕਸਰੇ ਮਸ਼ੀਨ ਦੀ ਬਿਜਲੀ ਸਪਲਾਈ ਹੌਟਲਾਈਨ ਨਾਲ ਜੋੜ ਦਿੱਤੀ ਜਾਵੇ ਤਾਂ ਜੋ ਸਿਵਲ ਹਸਪਤਾਲ ਦੇ ਡਿਊਟੀ ਟਾਈਮ ਦੇ ਦੌਰਾਨ ਬਿਜਲੀ ਦੇ ਜਾਣ ਸਮੇਂ ਵੀ ਐਕਸਰੇ ਮਸ਼ੀਨ ਦੀ ਬਿਜਲੀ ਸਪਲਾਈ ਵਿਚ ਕੋਈ ਵਿਘਨ ਨਾ ਪਵੇ |