ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਵਲੋਂ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਦਿਵਿਆਂਗ ਵਿਦਿਆਰਥੀਆਂ ਵਲੋ ਤਿਆਰ ਦੀਵਿਆਂ ਦੀ ਦੋ ਦਿਨਾਂ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ ਨੇ ਦੱਸਿਆ ਕਿ ਸੂਬਾ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਸਿੱਖਿਆ ਵਿਭਾਗ ਵਲੋ ਦਿਵਿਆਂਗ ਵਿਦਿਆਰਥੀਆਂ ਦਾ ਜੀਵਨ ਪੱਧਰ ਸੁਖਾਲਾ ਕਰਨ ਲਈ ਸਿੱਖਿਆ ਦੇ ਨਾਲ ਸਮੇਂ ਸਮੇਂ 'ਤੇ ਮਾਹਿਰ ਡਾਕਟਰਾਂ ਵਲੋਂ ਕੈਂਪ ਲਗਾ ਕੇ ਲੋੜੀਂਦੇ ਸਹਾਇਤਾ ਉਪਕਰਨ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੋਕੇਸ਼ਨਲ ਪ੍ਰੋਜੈਕਟ, ਵਿਦਿਆਰਥੀਆਂ ਦੀ ਵਿਲੱਖਣ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਉਣ ਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਦਿਵਿਆਂਗ ਵਿਦਿਆਰਥੀਆਂ ਨੂੰ ਸਮਾਜ ਵਿਚ ਬਣਦਾ ਸਥਾਨ ਦਿਵਾਇਆ ਜਾ ਸਕੇ | ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੋਮਲ ਅਰੋੜਾ ਵਲੋਂ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਵਲੋ ਅੱਜ ਆਪਣੇ ਹੱਥੀਂ ਬਣਾਏ ਦੀਵਿਆਂ ਨਾਲ ਆਮ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਤਾਂ ਜੋ ਸ਼ੋਰ ਸ਼ਰਾਬੇ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਅਨੰਦ ਮਾਣਿਆ ਜਾ ਸਕੇ | ਜ਼ਿਲ੍ਹਾ ਕੋਆਰਡੀਨੇਟਰ ਐਮ.ਆਈ.ਐੱਸ ਪਵਨ ਮਦਾਨ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਇਨ੍ਹਾਂ ਵਿਦਿਆਰਥੀਆਂ ਵਲੋ ਤਿਆਰ ਕੀਤੇ ਦੀਵਾਲੀ ਦੇ ਦੀਵਿਆਂ ਅਤੇ ਹੋਰ ਸਮਾਨ ਦੀ ਦਿਲ ਖ਼ੋਲ ਕੇ ਖ਼ਰੀਦਦਾਰੀ ਕੀਤੀ | ਪ੍ਰਦਰਸ਼ਨੀ ਮੌਕੇ ਸਮੱਗਰਾ ਸਿੱਖਿਆ ਤੋਂ ਏ.ਪੀ.ਸੀ (ਜ) ਸਰਬਜੀਤ ਸਿੰਘ, ਏ.ਪੀ.ਸੀ (ਫ) ਸੁਖਦੇਵ ਸਿੰਘ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਕਿ੍ਸ਼ਨ ਮੋਹਨ ਚੌਬੇ, ਗੁਰਬਚਨ ਸਿੰਘ, ਸੰਦੀਪ ਕੁਮਾਰ, ਪ੍ਰਵੀਨ ਕੁਮਾਰ, ਚਰਨ ਸਿੰਘ, ਜ਼ਿਲ੍ਹਾ ਰਿਸੋਰਸ ਸੈਂਟਰ ਤੋ ਆਈ.ਈ.ਆਰ.ਟੀ. ਰਾਜੇਸ਼ ਕੁਮਾਰ ਅਤੇ ਦਿਵਿਆਂਗ ਵਿਦਿਆਰਥੀਆਂ ਦੇ ਅਧਿਆਪਕ ਮੌਜੂਦ ਸਨ |