ਫਿਰੋਜ਼ਪੁਰ, 22 ਅਕਤੂਬਰ (ਸੁਖਵਿੰਦਰ ਸਿੰਘ)- ਜਿੱਥੇ ਇੱਕ ਪਾਸੇ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿੱਕਰੀ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਕੇਵਲ ਨਿਰਧਾਰਿਤ ਥਾਵਾਂ 'ਤੇ ਹੀ ਲਾਇਸੈਂਸ ਪ੍ਰਾਪਤ ਵਪਾਰੀ ਪਟਾਕੇ ਵੇਚ ਸਕਦੇ ਹਨ ਉੱਥੇ ਹੀ ਸ਼ਹਿਰ ਵਿਚ ਸ਼ਹਿਰ ਵਿਚ ਇਨ੍ਹਾਂ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪਟਾਕਿਆਂ ਸਮੇਤ ਪੁਲਿਸ ਨੇ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਹੈ ਕਿ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਜੇ ਵਧਵਾ ਜੋ ਹਾਊਸਿੰਗ ਬੋਰਡ ਕਾਲੋਨੀ ਨੇੜੇ ਸ਼੍ਰੀ ਗਣਪਤੀ ਡੇਅਰੀ ਦੇ ਸਾਹਮਣੇ ਆਈ.ਟੀ.ਆਈ. ਲੜਕੇ ਦੇ ਗੇਟ ਕੋਲ ਬਿਨਾਂ ਲਾਇਸੰਸ ਪਟਾਕੇ ਰੱਖ ਕੇ ਵੇਚ ਰਿਹਾ ਹੈ ਜੋ ਅਜੇ ਵਧਵਾ ਉਕਤ ਵਲੋਂ ਰਿਹਾਇਸ਼ੀ ਇਲਾਕੇ ਵਿਚ ਬਿਨਾਂ ਲਾਇਸੈਂਸ ਪਟਾਕੇ ਵੇਚ ਕੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਇਤਲਾਹ ਭਰੋਸੇਯੋਗ ਹੋਣ 'ਤੇ ਕਾਰਵਾਈ ਕਰਦੇ ਹੋਏ ਅਜੇ ਵਧਵਾ ਪੁੱਤਰ ਸਤਪਾਲ ਵਾਸੀ ਗਾਂਧੀ ਨਗਰ ਨੇੜੇ ਹਨੂਮਾਨ ਮੰਦਰ ਫਿਰੋਜ਼ਪੁਰ ਸ਼ਹਿਰ ਨੂੰ ਪਟਾਕਿਆਂ ਸਮੇਤ ਕਾਬੂ ਕੀਤਾ | ਇਸੇ ਤਰ੍ਹਾਂ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੌਰਾਨੇ ਗਸ਼ਤ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਹਰਕਿ੍ਸ਼ਨ ਉਰਫ਼ ਕਿ੍ਸ਼ਨ ਲਾਲ ਉਰਫ਼ ਘੰਟੀ ਪੁੱਤਰ ਨਵਾਬ ਪੁੱਤਰ ਮੰਦਾ ਵਾਸੀ ਬਸਤੀ ਬੋਰੀਆਂ ਵਾਲੀ ਸਾਹਮਣੇ ਭਗਵਾਨ ਵਾਲਮੀਕਿ ਮੰਦਰ ਫਿਰੋਜ਼ਪੁਰ ਸ਼ਹਿਰ ਜੋ ਮੁਲਤਾਨੀ ਗੇਟ ਕੋਲ ਪਟਾਕਿਆਂ ਦੀ ਦੁਕਾਨ ਬਿਨਾਂ ਲਾਇਸੈਂਸ ਤੋਂ ਲਗਾ ਕੇ ਵੇਚ ਰਿਹਾ ਸੀ ਸੀ, ਨੂੰ ਤੁਰੰਤ ਪਟਾਕਿਆਂ ਸਮੇਤ ਕਾਬੂ ਕੀਤਾ | ਪੁਲਿਸ ਨੇ ਕਾਬੂ ਕੀਤੇ ਉਕਤ ਮੁਲਜ਼ਮਾਂ 'ਤੇ ਥਾਣਾ ਫਿਰੋਜ਼ਪੁਰ ਵਿੱਚ ਮੁਕੱਦਮਾ ਦਰਜ ਕੀਤਾ ਹੈ |