22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰਾਜਸਥਾਨ ਤੋਂ ਝੋਨਾ ਲਿਆਉਣ ਵਾਲੇ ਵਿਅਕਤੀ ਪੁਲਿਸ ਨੇ ਕੀਤੇ ਕਾਬੂ

ਪੁਲਿਸ ਵਲੋਂ ਕਬਜ਼ੇ ਵਿਚ ਲਈਆਂ ਝੋਨੇ ਨਾਲ ਭਰੀਆਂ ਟਰਾਲੀਆਂ | ਤਸਵੀਰਾਂ-ਰਾਜਿੰਦਰ ਸਿੰਘ ਹਾਂਡਾ <br/> 24-10-2025

ਮਮਦੋਟ, 23 ਅਕਤੂਬਰ(ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)- ਪਿਛਲੇ ਕਈ ਦਿਨਾਂ ਤੋਂ ਵਪਾਰੀਆਂ ਵਲੋਂ ਰਾਜਸਥਾਨ ਤੋਂ ਸਸਤਾ ਝੋਨਾ ਖ਼ਰੀਦ ਕੇ ਪੰਜਾਬ ਦੀਆਂ ਮੰਡੀਆਂ ਵਿਚ ਸਰਕਾਰੀ ਖ਼ਰੀਦ (ਐੱਮ.ਐੱਸ.ਪੀ.) 'ਤੇ ਵੇਚਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਾਫ਼ੀ ਚੌਕਸ ਹੋ ਗਈਆਂ ਹਨ | ਬੀਤੀ ਸ਼ਾਮ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ 'ਤੇ ਸਥਿਤ ਜੰਗਾ ਵਾਲਾ ਮੋੜ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਿਤ ਕਿਸਾਨ ਆਗੂਆਂ ਵਲੋਂ ਝੋਨੇ ਨਾਲ ਉਪਰ ਤੱਕ ਭਰੀਆਂ 2 ਟਰਾਲੀਆਂ ਰੋਕ ਕੇ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਟਰਾਲੀਆਂ ਵਿਚ ਭਰਿਆ ਝੋਨਾ ਕਿਸੇ ਵਪਾਰੀ ਵਲੋਂ ਰਾਜਸਥਾਨ ਤੋਂ ਸਸਤੇ ਭਾਅ ਖ਼ਰੀਦ ਕੇ ਪੰਜਾਬ ਦੀਆਂ ਮੰਡੀਆਂ ਵਿਚ ਮਹਿੰਗੇ ਭਾਅ (ਐੱਮ.ਐੱਸ.ਪੀ.) 'ਤੇ ਵੇਚਣ ਲਈ ਲਿਆਂਦਾ ਜਾ ਰਿਹਾ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਥਾਣਾ ਮਮਦੋਟ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਝੋਨੇ ਨਾਲ ਭਰੀਆਂ 2 ਟਰਾਲੀਆਂ ਅਤੇ ਝੋਨਾ ਉਤਾਰ ਕੇ ਖਾਲੀ ਕੀਤੀ ਇਕ ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਮਮਦੋਟ ਵਿਖੇ ਲਿਆਂਦਾ ਗਿਆ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਖ਼ੁਰਾਕ ਸਪਲਾਈ ਅਫਸਰ ਫ਼ਿਰੋਜ਼ਪੁਰ ਸੋਨਾ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ 2 ਝੋਨੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਤੇ ਇਕ ਝੋਨਾ ਉਤਾਰ ਕੇ ਖਾਲੀ ਕੀਤੀ ਟਰੈਕਟਰ ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਗੋਬਿੰਦ ਪੁੱਤਰ ਸਤਪਾਲ, ਰਮੇਸ਼ ਕੁਮਾਰ ਪੁੱਤਰ ਨਾਨਕ ਸਿੰਘ, ਲਵਪ੍ਰੀਤ ਪੁੱਤਰ ਰਾਜ ਕੁਮਾਰ ਵਾਸੀਆਨ ਡੱਬਲੀ ਹਨੂਮਾਨਗੜ੍ਹ ਰਾਜਸਥਾਨ, ਮਨਪ੍ਰੀਤ ਸਿੰਘ ਅਤੇ ਮੇਜਰ ਸਿੰਘ ਆੜ੍ਹਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਉੱਧਰ ਕਿਸਾਨ ਆਗੂਆਂ ਦਾ ਦੋਸ਼ ਸੀ ਕਿ ਪੰਜਾਬ ਦੀਆਂ ਮੰਡੀਆਂ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਸ਼ੈਲਰ ਮਾਲਕਾਂ ਵਲੋਂ ਆਪਸੀ ਮਿਲੀਭੁਗਤ ਕਈ ਤਰ੍ਹਾਂ ਦੀਆਂ ਬਹਾਨੇਬਾਜ਼ੀਆਂ ਕਰਕੇ ਕਿਸਾਨਾਂ ਨਾਲ ਖੱਜਲ-ਖ਼ੁਆਰ ਤੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਸ਼ੈਲਰਾਂ ਵਿਚ ਝੋਨੇ ਦਾ ਕੋਟਾ ਪੂਰਾ ਕਰਨ ਵਾਸਤੇ ਸ਼ੈਲਰ ਮਾਲਕਾਂ, ਕੁਝ ਆੜ੍ਹਤੀਆਂ ਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕੁਝ ਦਲਾਲਾਂ ਵਲੋਂ ਆਪਸੀ ਮਿਲੀਭੁਗਤ ਨਾਲ ਰਾਜਸਥਾਨ ਤੋਂ ਸਸਤੇ ਭਾਅ 1000-1200 ਰੁਪਏ ਕੁਇੰਟਲ ਝੋਨਾ ਖ਼ਰੀਦ ਕੇ ਵੱਡੀਆਂ ਟਰਾਲੀਆਂ ਰਾਹੀ ਪੰਜਾਬ ਦੀਆਂ ਮੰਡੀਆਂ ਵਿਚ ਲਿਆ ਕੇ ਜਾਂ ਸਿੱਧਾ ਸ਼ੈਲਰਾਂ ਵਿਚ ਉਤਰਵਾ ਕੇ ਉਸ ਨੂੰ ਸਰਕਾਰੀ ਖ਼ਰੀਦ ਖਾਤੇ ਪਾ ਕੇ ਵੱਡੇ ਪੱਧਰ 'ਤੇ ਸਰਕਾਰ ਦੀ ਲੁੱਟ ਕੀਤੀ ਜਾ ਰਹੀ ਹੈ | ਇਸ ਨਾਲ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਵੀ ਮੰਡੀਆਂ ਵਿਚ ਰੁਲ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਇਸ ਘੁਟਾਲੇਬਾਜ਼ੀ ਵਿਚ ਅੰਤਰਰਾਜੀ ਬੈਰੀਅਰਾਂ 'ਤੇ ਤਾਇਨਾਤ ਮੁਲਾਜ਼ਮ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਮਿਲੀਭੁਗਤ ਨਾਲ ਹੀ ਅੰਤਰਰਾਜੀ ਬੈਰੀਅਰਾਂ ਤੋਂ ਝੋਨੇ ਨਾਲ ਭਰੇ ਟਰਾਲੇ ਪੰਜਾਬ ਵਿਚ ਦਾਖਲ ਹੁੰਦੇ ਹਨ | ਕਿਸਾਨਾਂ ਨੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਸ਼ਹਿਰ 'ਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਇਕ ਜ਼ਖਮੀ ਅਗਲੀ ਖ਼ਬਰ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।