ਅਬੋਹਰ, 23 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਝੋਨੇ ਤੇ ਨਰਮੇ ਦੀ ਖ਼ਰੀਦ ਸੰਬੰਧੀ ਆ ਰਹੀਆਂ ਮੁਸ਼ਕਲਾਂ ਕਾਰਨ ਮਾਰਕੀਟ ਕਮੇਟੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਸ਼ੇਰ-ਏ ਪੰਜਾਬ, ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਸਾਨ ਯੂਨੀਅਨ ਰਾਜੇਵਾਲ ਆਦਿ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ ਤੇ ਸਮੱਸਿਆਵਾਂ ਦੇ ਹੱਲ ਲਈ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੇਰ-ਏ-ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ ਨੇ ਦੱਸਿਆ ਕਿ ਅਬੋਹਰ ਦੀ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ ਤੇ ਕਿਸਾਨ ਦੀ ਫ਼ਸਲ 'ਤੇ ਕਾਟ ਵੀ ਲਗਾਈ ਜਾ ਰਹੀ ਹੈ ਜਿਸ ਤਹਿਤ ਜ਼ਿਮੀਂਦਾਰ ਦੀ ਸ਼ਿਕਾਇਤ 'ਤੇ ਇਕ ਫ਼ਰਮ ਦਾ ਲਾਇਸੈਂਸ ਵੀ ਰੱਦ ਕੀਤਾ ਗਿਆ ਹੈ, ਉਸ ਦਾ ਝੋਨਾ ਮੰਡੀ ਵਿਚ ਰੁਲ ਰਿਹਾ ਹੈ | ਭੁਪਿੰਦਰ ਸਿੰਘ ਨੇ ਕਿਹਾ ਕਿ ਝੋਨੇ ਦੀ ਬੋਲੀ ਹਰੇਕ ਢੇਰੀ 'ਤੇ ਜਾ ਕੇ ਸਹੀ ਸਮੇਂ ਸਹੀ ਅਧਿਕਾਰੀਆਂ ਵਲੋਂ ਕੀਤੀ ਜਾਵੇ ਤੇ ਝੋਨਾ ਵਿਚ 20 ਫ਼ੀਸਦੀ ਨਮੀ ਤੱਕ ਝੋਨੇ ਦੀ ਤੁਰੰਤ ਖ਼ਰੀਦ ਕੀਤੀ ਜਾਵੇ ਕਿਉਂਕਿ ਮੌਸਮ ਦੀ ਤਬਦੀਲੀ ਕਾਰਨ ਝੋਨੇ ਦੀ ਨਮੀ ਬਹੁਤ ਔਖੀ ਘਟਦਾ ਹੈ | ਇਸ ਤੋਂ ਇਲਾਵਾ ਸੀ.ਸੀ.ਆਈ. ਵਲੋਂ ਨਰਮੇ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨ ਨੂੰ ਹੋ ਰਹੇ ਵਿੱਤੀ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ ਤੋਂ ਇਲਾਵਾ ਜਗਤਾਰ ਸਿੰਘ, ਅਮਰੀਕ ਸਿੰਘ, ਲਖਵਿੰਦਰ ਸਿੰਘ ਬਹਾਵਵਾਲਾ, ਸੁਖਮੰਦਰ ਸਿੰਘ ਸੁੱਖ ਝੁਰੜ ਖੇੜਾ, ਸੁਖਜਿੰਦਰ ਸਿੰਘ ਰਾਜਨ, ਸਿਮਰਜੀਤ ਸਿੰਘ, ਗੁਰਟੇਕ ਸਿੰਘ, ਸੂਬਾ ਸਿੰਘ, ਜਸਵੰਤ ਸਿੰਘ, ਮਹਿੰਦਰ ਰਾਮਸਰਾ, ਰੋਤਾਸ਼ ਭਾਗਸਰ, ਬਿੱਟੂ ਕੇਰਾ ਖੇੜਾ, ਅਰਸ਼ਦੀਪ ਸਿੰਘ, ਮਨੂੰ ਸਹਾਰਨ, ਗੁਰਨੈਬ ਸਿੰਘ, ਬਲਬੀਰ ਸਿੰਘ, ਗੁਰਨਾਮ ਸਿੰਘ ਤੋਤਾ ਜਥੇਬੰਦੀ ਆਦਿ ਹਾਜ਼ਰ ਸਨ |