ਫ਼ਿਰੋਜ਼ਪੁਰ, 25 ਨਵੰਬਰ (ਰਾਕੇਸ਼ ਚਾਵਲਾ)-ਪੰਜਾਬ ਫ਼ਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ (ਰਜਿ) ਪੰਜਾਬ ਦੀ ਫਿਰੋਜ਼ਪੁਰ ਇਕਾਈ ਨੇ ਸਮੂਹ ਸਾਥੀਆਂ ਨਾਲ ਮੀਟਿੰਗ ਕੀਤੀ | ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਲੰਮੇ ਸਮੇਂ ਤੋਂ ਨਿੱਜੀ ਅਦਾਰੇ ਦੇ ਫ਼ਰਦ ਕੇਂਦਰ ਮੁਲਾਜ਼ਮਾਂ ਨੂੰ ਮਹਿਕਮੇ ਹੇਠ ਲਿਆਵੇ ਤੇ ਬਣਦੀਆਂ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਪੱਕਾ ਰੋਜ਼ਗਾਰ, ਸਿਹਤ ਸੇਵਾਵਾਂ ਅਤੇ ਰਿਟਾਇਰਮੈਂਟ ਉਪਰੰਤ ਇਕ ਮੁਸ਼ਤ ਰਾਸ਼ੀ ਆਦਿ ਦੇਣ ਦਾ ਉਪਰਾਲਾ ਕਰੇ | ਫ਼ਰਦ ਕੇਂਦਰ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਵਿਭਾਗ ਦੀ ਸੇਵਾ ਬਿਲਕੁਲ ਨਿਗੂਣੀਆਂ ਤਨਖ਼ਾਹਾਂ 'ਤੇ ਨਿਭਾਅ ਰਹੇ ਹਨ | ਇਸ ਲਈ ਐਸੋਸੀਏਸ਼ਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਇਸ ਸਬੰਧੀ ਮਾਲ ਵਿਭਾਗ ਤੋਂ ਸਾਰੇ ਓਪਰੇਟਰਾਂ ਦਾ ਬਿਉਰਾ ਮੰਗਵਾ ਕੇ ਇਕ ਪਾਲਿਸੀ ਤਿਆਰ ਕਰਕੇ ਅਤੇ ਮਹਿਕਮੇ ਵਿਚ ਸ਼ਾਮਿਲ ਕਰੇ ਨਹੀਂ ਤੇ ਮਜਬੂਰਨ ਫ਼ਰਦ ਕੇਂਦਰ ਪੰਜਾਬ ਕੰਪਿਊਟਰ ਐਸੋਸੀਏਸ਼ਨ ਨੂੰ ਸੰਘਰਸ਼ ਦਾ ਬਿਗਲ ਵਜਾਉਣਾ ਪਏਗਾ | ਇਸ ਸਬੰਧੀ 2 ਦਸੰਬਰ ਨੂੰ ਕਾਲੇ ਬਿੱਲੇ ਲਗਾ ਕੇ ਰੋਸ ਵਿਖਾਵਾ ਅਤੇ 3 ਦਸੰਬਰ ਨੂੰ ਸਵੇਰੇ 9:00 ਵਜੇ ਤੋਂ 12:00 ਵਜੇ ਤੱਕ ਜ਼ਿਲ੍ਹਾ ਮੁੱਖ ਦਫਤਰ ਫ਼ਿਰੋਜ਼ਪੁਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ | ਇਸੇ ਤਰ੍ਹਾਂ 4 ਦਸੰਬਰ ਨੂੰ ਅੱਧੇ ਦਿਨ ਦੀ ਕਲਮ ਛੋੜ ਹੜਤਾਲ ਕੀਤੀ ਜਾਵੇਗੀ | ਇਸ ਦੌਰਾਨ ਸਬੰਧਿਤ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ | ਜਾਣਕਾਰੀ ਦੇਣ ਸਮੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ ਅਤੇ ਆਦਿ ਸਾਥੀ ਹਾਜ਼ਰ ਸਨ |