ਮੱਲਾਂਵਾਲਾ, 3 ਦਸੰਬਰ(ਬਲਬੀਰ ਸਿੰਘ ਜੋਸਨ)-ਫਿਰੋਜ਼ਪੁਰ ਤੋਂ ਮੱਲਾਂਵਾਲਾ ਨੈਸ਼ਨਲ ਹਾਈਵੇ ਦੇ ਨਿਰਮਾਣ 'ਚ ਅਧੂਰੇ ਪਏ ਕੰਮ ਤੋਂ ਦੁਖੀ ਲੋਕਾਂ ਵਲੋਂ ਸੜਕ ਉੱਤੇ ਧਰਨਾ ਲਗਾ ਦਿੱਤਾ ਗਿਆ ਤੇ ਪ੍ਰਸ਼ਾਸਨ ਅਤੇ ਸਬੰਧਿਤ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਧਰਨੇ 'ਚ ਸਭ ਤੋਂ ਵੱਡੀ ਪੱਧਰ 'ਤੇ ਸੜਕ ਦੇ ਅਧੂਰੇ ਕੰਮ ਤੋਂ ਪ੍ਰੇਸ਼ਾਨ ਸਕੂਲੀ ਬੱਚੇ ਵੀ ਧਰਨੇ 'ਚ ਸ਼ਾਮਿਲ ਹੋਏ | ਧਰਨੇ 'ਚ ਬੈਠੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਤੇ ਬੱਚਿਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸੜਕ ਦਾ ਕੰਮ ਚੱਲ ਰਿਹਾ ਹੈ | ਠੇਕੇਦਾਰਾਂ ਵਲੋਂ ਸੜਕ ਦੇ ਕੁਝ ਹਿੱਸੇ ਨੂੰ ਬਣਾ ਦਿੱਤਾ ਗਿਆ ਹੈ ਅਤੇ ਕੁਝ ਨੂੰ ਅਧੂਰਾ ਛੱਡ ਦਿੱਤਾ ਹੈ | ਲੋਕਾਂ ਰੋਸ ਜ਼ਾਹਿਰ ਕੀਤਾ ਕਿ ਖ਼ਰਾਬ ਸੜਕ ਕਾਰਨ ਇੱਥੋਂ ਲੰਘਣਾ ਅÏਖਾ ਹੋਇਆ ਪਿਆ ਹੈ | ਇਸ ਸੜਕ ਉੱਤੇ ਨਿੱਤ ਦਿਨ ਹਾਦਸੇ ਵੀ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਿਹਾ | ਲੋਕਾਂ ਮੰਗ ਕੀਤੀ ਕਿ ਸੜਕ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ | ਉਧਰ ਰੋਡ ਜਾਮ ਨੂੰ ਦੇਖ ਸਬੰਧਿਤ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ 'ਤੇ ਪਹੁੰਚ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਅਧੂਰੀ ਸੜਕ ਨੂੰ 26 ਦਸੰਬਰ ਤੱਕ ਕੰਪਲੀਟ ਕਰ ਦਿੱਤਾ ਜਾਵੇਗਾ |