ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਅੰਤਰ ਜ਼ਿਲ੍ਹਾ ਵੁਮੈਨ ਕ੍ਰਿਕਟ ਟੂਰਨਾਮੈਂਟ (ਅੰਡਰ-19) ਅੱਜ ਬਠਿੰਡਾ ਦੇ ਕੋਪਸ ਕਲੱਬ ਵਿਚਲੇ ਖੇਡ ਮੈਦਾਨ 'ਤੇ ਸ਼ੁਰੂ ਹੋ ਗਿਆ | ਇਸ ਇਕ ਦਿਨਾਂ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿਚ ਮੇਜ਼ਵਾਨ ਬਠਿੰਡਾ ਦੀਆਂ ਲੜਕੀਆਂ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ | ਟਾਸ ਹਾਰਨ ਤੋਂ ਬਾਅਦ ਪਹਿਲਾਂ ਖੇਡਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ 44.5 ਓਵਰਾਂ ਵਿਚ 148 ਦੌੜਾਂ 'ਤੇ ਸਿਮਟ ਗਈ | ਮੁਕਤਸਰ ਸਾਹਿਬ ਲਈ ਬੱਲੇਬਾਜ਼ ਹਰਮਨਦੀਪ ਕੌਰ ਨੇ ਨਾਬਾਦ 70 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ, ਜਿਸ ਦੀ ਬਦੌਲਤ ਮੁਕਤਸਰ ਸਾਹਿਬ ਦੀ ਟੀਮ ਸਨਮਾਨਜਨਕ ਸਕੋਰ ਬਣਾਉਣ 'ਚ ਸਫਲ ਰਹੀ | ਬਠਿੰਡਾ ਵਲੋਂ ਗੇਂਦਬਾਜ਼ ਲਵਨੀਤ ਕੌਰ, ਅਲੀਸਾ ਪਾਲ ਅਤੇ ਰਾਜੁਲਾ ਛਾਬੜਾ ਨੇ 2-2 ਖਿਡਾਰਨਾਂ ਨੂੰ ਆਊਟ ਕੀਤਾ | ਜਵਾਬ ਵਿਚ ਬਠਿੰਡਾ ਦੀ ਟੀਮ ਨੇ 48 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 149 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਬਠਿੰਡਾ ਦੀ ਤਰਫ਼ੋਂ ਅਲੀਸਾ ਪਾਲ ਨੇ ਸ਼ਾਨਦਾਰ ਨਾਬਾਦ 79 ਦੌੜਾਂ ਅਤੇ ਤਨਿਸ਼ਕਾ ਕਾਂਸਲ ਨੇ 32 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ | ਸ੍ਰੀ ਮੁਕਤਸਰ ਸਾਹਿਬ ਲਈ ਸਿਮਰਨਪ੍ਰੀਤ ਕੌਰ ਨੇ 2 ਵਿਕਟਾਂ ਹਾਸਲ ਕੀਤੀਆਂ | ਵਧੀਆ ਪ੍ਰਦਰਸ਼ਨ ਲਈ ਅਲੀਸਾ ਪਾਲ ਨੂੰ ਵੁਮੈਨ ਆਫ਼ ਦੀ ਪਲੇਅਰ ਚੁਣਿਆ ਗਿਆ | ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਜੇਤੂ ਟੀਮ ਦੀਆਂ ਖਿਡਾਰਨਾਂ ਅਤੇ ਕੋਚ ਯੋਗੇਸ਼ ਸ਼ਰਮਾ ਤੇ ਅਜੇਪਾਲ ਨੂੰ ਮੁਬਾਰਕਵਾਦ ਦਿੱਤੀ ਹੈ |