ਬਠਿੰਡਾ, 16 ਜੂਨ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਮਲੋਟ ਵਾਲੀ ਸੜਕ 'ਤੇ ਤਬਦੀਲ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਤਹਿਤ ਅੱਜ ਸ਼ਹਿਰ ਦੇ ਵਪਾਰੀਆਂ ਅਤੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਵਲੋਂ ਲੁਧਿਆਣਾ ਵਿਖੇ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਜਾਣਾ ਸੀ ਪਰ ਜਦੋਂ ਉਹ ਸਥਾਨਕ ਡਾ. ਅੰਬੇਦਕਰ ਪਾਰਕ 'ਚ ਇਕੱਤਰ ਹੋਏ ਤਾਂ ਬਠਿੰਡਾ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਲੁਧਿਆਣਾ ਜਾਣ ਤੋਂ ਰੋਕਦੇ ਹੋਏ ਕੁਝ ਬੰਦਿਆਂ ਨੂੰ ਹਿਰਾਸਤ 'ਚ ਲੈ ਲਿਆ | ਇਸ ਬਾਅਦ ਟਿਕਾਣਾ ਬਦਲਦੇ ਹੋਏ ਜਦੋਂ ਵਪਾਰੀ ਤੇ ਕਮੇਟੀ ਆਗੂ ਸਥਾਨਕ ਫਾਇਰ ਬਿ੍ਗੇਡ ਚੌਕ 'ਚ ਇਕੱਠੇ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਇੱਥੇ ਵੀ ਘੇਰਾ ਪਾ ਲਿਆ, ਜਿਸ ਦੇ ਰੋਸ ਵਜੋਂ ਉਨ੍ਹਾਂ ਸੜਕ ਵਿਚਕਾਰ ਧਰਨਾ ਲਗਾ ਦਿੱਤਾ ਤੇ ਸਰਕਾਰ ਤੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਹਰਵਿੰਦਰ ਸਿੰਘ ਹੈਪੀ, ਕੌਂਸਲਰ ਸੰਦੀਪ ਬੌਬੀ, ਕੰਵਲਜੀਤ ਸਿੰਘ ਭੰਗੂ, ਡਾ. ਅਜੀਤਪਾਲ ਸਿੰਘ ਤੇ ਦੇਵੀ ਦਿਆਲ ਨੇ ਕਿਹਾ ਕਿ ਭੂ-ਮਾਫੀਆ ਦੀ ਕਠਪੁਤਲੀ ਬਣੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਵਪਾਰੀਆਂ ਤੇ ਆਮ ਲੋਕਾਂ ਨਾਲ ਲਗਾਤਾਰ ਧੋਖਾ ਤੇ ਧੱਕਾ ਕੀਤਾ ਜਾ ਰਿਹਾ, ਕਿਉਂਕਿ ਜਿੱਥੇ ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਮੇਟੀ ਬਣਾ ਕੇ ਆਮ ਲੋਕਾਂ ਦੀ ਰੈਅ ਜਾਣਨ ਦਾ ਭਰੋਸਾ ਦਿੱਤਾ ਸੀ, ਉੱਥੇ ਬਠਿੰਡਾ ਪੁੱਜੇ ਸਥਾਨਕ ਸਰਕਾਰਾਂ ਮੰਤਰੀ ਨੇ ਵੀ ਲੋਕ ਰੈਅ ਅਨੁਸਾਰ ਫੈਸਲਾ ਕਰਨ ਦੀ ਹਾਮੀ ਭਰੀ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਬੀਤੇ ਦਿਨੀਂ ਅੰਦਰਖਾਤੇ ਥਰਮਲ ਪਲਾਂਟ ਵਾਲੀ ਜਗ੍ਹਾ 'ਚੋਂ 30 ਏਕੜ ਜਗ੍ਹਾ ਨਵਾਂ ਬੱਸ ਅੱਡਾ ਬਣਾਉਣ ਲਈ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਦਾ ਵਿਰੋਧ ਕਰਦੇ ਲੋਕਾਂ ਦੀ ਆਵਾਜ਼ ਨੂੰ ਪੁਲਿਸ ਬਲ ਨਾਲ ਦਬਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਬਚਾਉਣ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ, ਜਿਸ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਤਿੱਖਾ ਕੀਤਾ ਜਾਵੇਗਾ |