ਭੀਖੀ, 16 ਜੂਨ (ਬਲਕਾਰ ਸਿੰਘ ਸਹੋਤਾ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਬਲਾਕਾਂ ਦੇ ਪੁਨਰਗਠਨ ਸਬੰਧੀ ਐਲਾਨੇ ਬਿਆਨ ਤੋਂ ਬਾਅਦ ਬਲਾਕ ਭੀਖੀ ਦੇ ਤੋੜੇ ਜਾਣ ਦੇ ਖਦਸ਼ੇੇ ਨੂੰ ਲੈ ਕੇ ਇਲਾਕੇ ਦੇ ਵੱਖ ਵੱਖ ਸੰਗਠਨਾਂ 'ਤੇ ਸਾਬਕਾ ਸਰਪੰਚਾਂ ਵਲੋਂ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਭੀਖੀ ਬਲਾਕ ਨੂੰ ਭੰਗ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ਡਟਵਾਂ ਵਿਰੋਧ ਕਰਨਗੇ | ਕਿਸਾਨ ਆਗੂ ਭੋਲਾ ਸਿੰਘ ਸਮਾਉਂ, ਰੂਪ ਸਿੰਘ ਢਿੱਲੋਂ, ਇਕਬਾਲ ਸਿੰਘ ਫਫੜੇ ਭਾਈਕੇ ਆਦਿ ਆਗੂਆਂ ਨੇ ਦੱਸਿਆ ਕਿ ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਸਮੇਂ ਕਸਬਾ ਭੀਖੀ ਨੂੰ ਬਲਾਕ ਦਾ ਦਰਜਾ ਦਿੱਤਾ ਸੀ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਤੋਂ ਮੁੱਢਲੀਆਂ ਸਹੂਲਤਾਂ ਖੋਹਣ 'ਤੇ ਲੱਗੀ ਹੋਈ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਬਲਾਕ ਨੂੰ ਤੋੜਿਆ ਗਿਆ ਤਾਂ ਸਖ਼ਤ ਵਿਰੋਧ ਹੀ ਨਹੀਂ ਕੀਤਾ ਜਾਵੇਗਾ ਬਲਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਮੁੱਲ ਸਵਾਇਆ ਕਰਕੇ ਮੋੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿੱਥੇ ਬਲਾਕ ਨੂੰ ਖ਼ਤਮ ਕਰਨ ਦੇ ਨਾਲ 33 ਪਿੰਡਾਂ ਦੀਆਂ ਪੰਚਾਇਤਾਂ ਨੂੰ ਔਕੜਾਂ ਆਉਣਗੀਆਂ ਉੱਥੇ ਮਗਨਰੇਗਾ ਅਤੇ ਪਿੰਡਾਂ ਦੇ ਗ਼ਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਆਪਣੇ ਕੰਮਾਂ ਕਾਜਾਂ ਲਈ ਭਟਕਣਾ ਪਵੇਗਾ, ਤੋਂ ਇਲਾਵਾ ਭੀਖੀ ਦੇ ਦੁਕਾਨਦਾਰਾਂ ਨੂੰ ਵੀ ਆਰਥਿਕ ਹਾਨੀ ਪੁੱਜੇਗੀ | ਇਸ ਮੌਕੇ ਬਲਜੀਤ ਸ਼ਰਮਾ, ਕੇਵਲ ਸਿੰਘ ਸਮਾਉਂ ਪ੍ਰਧਾਨ ਖੇਤ ਮਜ਼ਦੂਰ ਸਭਾ, ਏਟਕ ਆਗੂ ਕਰਨੈਲ ਸਿੰਘ ਭੀਖੀ, ਅਮਰੀਕ ਸਿੰਘ ਭੀਖੀ, ਸੋਹਨ ਲਾਲ ਸਮਾਉਂ, ਬਿੰਦਰ ਸਿੰਘ ਭੀਖੀ, ਰਾਏ ਸਿੰਘ ਸਾਬਕਾ ਸਰਪੰਚ ਗੁੜਥੜੀ, ਬਲਵੀਰ ਸਿੰਘ ਸਾਬਕਾ ਸਰਪੰਚ ਅਨੂਪਗੜ੍ਹ, ਮੱਖਣ ਸਿੰਘ ਅਲੀਸ਼ੇਰ ਸਾਬਕਾ ਸਰਪੰਚ, ਤਾਰੀ ਸਿੰਘ ਖੀਵਾ ਕਲਾਂ ਸਾਬਕਾ ਸਰਪੰਚ ਆਦਿ ਹਾਜ਼ਰ ਸਨ |