ਰਾਮਪੁਰਾ ਫੂਲ, 16 ਜੂਨ (ਹੇਮੰਤ ਕੁਮਾਰ ਸ਼ਰਮਾ)- ਪਿਛਲੇ ਚਾਰ ਸਾਲਾਂ ਤੋਂ ਕੀੜੀ ਦੀ ਚਾਲ ਨਾਲ ਬਣ ਰਿਹਾ ਸ਼ਹਿਰ ਦਾ ਓਵਰ ਬਰਿੱਜ ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਵੀ ਉੱਥੇ ਦਾ ਉੱਥੇ ਹੀ ਖੜ੍ਹਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਦੋਵੇਂ ਮੰਡੀਆਂ ਨੂੰ ਜੋੜਨ ਵਾਲੇ ਇਸ ਓਵਰ ਬਰਿੱਜ ਦੇ ਨਿਰਮਾਣ ਨੇ ਰੇਲਵੇ ਫਾਟਕਾਂ ਦੇ ਕੋਲ ਆ ਕੇ ਰਫ਼ਤਾਰ ਫੜਨੀ ਸੀ ਉੱਥੇ ਇਸ ਸਥਾਨ 'ਤੇ ਕਈ ਮਹੀਨਿਆਂ ਦਾ ਸਮਾਂ ਲੰਘ ਜਾਣ ਕਾਰਨ ਸ਼ਹਿਰ ਨਿਵਾਸੀਆਂ ਅਤੇ ਸ਼ਹਿਰ ਦੇ ਨਾਲ ਲੱਗਦੇ ਲਗਭਗ 50 ਪਿੰਡਾਂ ਦੇ ਲੋਕਾਂ ਨੂੰ ਲੰਬਾ ਰਾਸਤਾ ਤੈਅ ਕਰਕੇ ਸ਼ਹਿਰ ਅੰਦਰ ਆਉਣਾ ਪੈਂਦਾ ਹੈ | ਇਸ ਓਵਰ ਬਰਿੱਜ ਦੇ ਸ਼ੁਰੂ ਤੋਂ ਹੀ ਹੌਲੀ ਰਫ਼ਤਾਰ ਵਿਚ ਬਣਨ ਕਾਰਨ ਚਾਰ ਸਾਲ ਦਾ ਸਮਾਂ ਲੰਘ ਗਿਆ, ਜਿਸ ਕਾਰਨ ਸਮੇਂ-ਸਮੇਂ 'ਤੇ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿਚ ਵਪਾਰ ਘਟਣ ਦਾ ਮੁੱਖ ਕਾਰਨ ਇਸ ਓਵਰ ਬਰਿੱਜ ਨੂੰ ਮੰਨਿਆ ਜਾ ਰਿਹਾ ਹੈ | ਇਸ ਕਾਰਨ ਆਮ ਲੋਕਾਂ ਨੂੰ ਇਕ ਮੰਡੀ ਤੋਂ ਦੂਜੀ ਮੰਡੀ ਜਾਣ ਲਈ ਗਿੱਲ ਫਾਟਕਾਂ ਰਾਹੀਂ ਆਉਣਾ-ਜਾਣਾ ਪੈਂਦਾ ਹੈ ਜਿੱਥੇ ਥੋੜ੍ਹੇ ਸਮੇਂ ਵਿਚ ਹੀ ਗਿੱਲ ਫਾਟਕਾਂ ਦੇ ਬੰਦ ਰਹਿਣ ਕਾਰਨ ਇਸ ਗਰਮੀ ਦੇ ਮੌਸਮ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਇਸ ਓਵਰ ਬਰਿੱਜ ਦੇ ਜਲਦੀ ਨਿਰਮਾਣ ਨੂੰ ਲੈ ਕੇ ਦਰਜਨਾਂ ਵਾਰ ਵਪਾਰੀਆਂ, ਦੁਕਾਨਦਾਰਾਂ, ਵੱਖ-ਵੱਖ ਸਥਾਨਕ ਰਾਜਨੀਤਿਕ ਪਾਰਟੀਆਂ ਦੇ ਆਗੂ ਮੀਟਿੰਗਾਂ ਤੇ ਮੀਟਿੰਗਾਂ ਕਰ ਸਟੇਸ਼ਨ ਮਾਸਟਰ ਤੋਂ ਲੈ ਕੇ ਰੇਲਵੇ ਦੇ ਉਚ ਅਧਿਕਾਰੀਆਂ ਤੱਕ ਵੀ ਇਸ ਦਾ ਨਿਰਮਾਣ ਜਲਦੀ ਕਰਵਾਉਣ ਦਾ ਕਹਿ ਚੁੱਕੇ ਹਨ ਪਰ ਉਚ ਅਧਿਕਾਰੀਆਂ ਵਲੋਂ ਸਿਵਾਏ ਭਰੋਸਿਆਂ ਦੀ ਟੇਕ 'ਤੇ ਹੀ ਇਸ ਓਵਰ ਬਰਿੱਜ ਦਾ ਨਿਰਮਾਣ ਹੋ ਰਿਹਾ ਹੈ ਤੇ ਹੁਣ ਸਬੰਧਿਤ ਵਿਭਾਗ ਵਲੋਂ ਇਸ ਜੂਨ/ਜੁਲਾਈ ਮਹੀਨੇ ਦੀਆਂ ਤਾਰੀਖ਼ਾਂ ਦੇ ਵਿਚ ਸਲੇਬਾਂ ਰੱਖ ਕੇ ਇਸ ਅਧੂਰੇ ਓਵਰ ਬਰਿੱਜ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਜ਼ਮੀਨੀ ਹਕੀਕਤ 'ਤੇ ਦੇਖਿਆ ਜਾਵੇ ਤਾਂ ਲੱਗਦਾ ਹੈ ਇਸ ਸਥਾਨ 'ਤੇ ਹੌਲੀ ਰਫ਼ਤਾਰ ਨਾਲ ਹੋ ਰਹੇ ਕੰਮ ਤੋਂ ਇਹ ਸਮਾਂ ਕਿਤੇ ਵੱਧ ਲੱਗ ਸਕਦਾ ਹੈ ਜੇਕਰ ਸ਼ਹਿਰ ਦੇ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਲਈ ਜਲਦੀ ਵੱਡੀਆਂ ਕਰੇਨਾਂ ਆਉਣ 'ਤੇ ਇਸ ਦਾ ਕੰਮ ਜੁਲਾਈ ਮਹੀਨੇ ਵਿਚ ਖ਼ਤਮ ਹੋ ਜਾਵੇਗਾ | ਪਰ ਹਾਲ ਦੀ ਘੜ੍ਹੀ ਤਾਂ ਇਸ ਓਵਰ ਬਰਿੱਜ ਦੇ ਨਿਰਮਾਣ ਨੇ ਜਿੱਥੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਉੱਥੇ ਹੀ ਸ਼ਹਿਰ ਦੇ ਵਪਾਰੀ ਵਰਗ ਵਿਚ ਚਿੰਤਾਵਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਕਿਉਂਕਿ ਸ਼ਹਿਰ ਦੇ ਅੰਦਰ ਮੇਨ ਬਾਜ਼ਾਰ ਹੋਣ ਕਾਰਨ ਅਤੇ ਉਤੋਂ ਸਖ਼ਤ ਗਰਮੀ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਕਾਰਨ ਇਸ ਸ਼ਹਿਰ ਵਿਚ ਕਾਫ਼ੀ ਹੱਦ ਤੱਕ ਮੰਦੀ ਦੇ ਬੱਦਲ ਛਾਅ ਗਏ ਹਨ | ਦੂਜੇ ਪਾਸੇ ਸ਼ਹਿਰ ਨਿਵਾਸੀਆਂ ਦੀ ਮੰਗ ਹੈ ਕਿ ਇਸ ਸ਼ਹਿਰ ਦੇ ਅੰਦਰਲੇ ਫਾਟਕਾਂ ਨੂੰ ਪਹਿਲਾਂ ਦੀ ਤਰ੍ਹਾਂ ਖੁੱਲੇ੍ਹ ਰੱਖਿਆ ਜਾਵੇ ਜਾਂ ਫਿਰ ਛੋਟੇ ਵਾਹਨਾਂ ਲਈ ਕੋਈ ਹੋਰ ਰਾਸਤਾ ਤਿਆਰ ਕਰਕੇ ਸ਼ਹਿਰ ਨਿਵਾਸੀਆਂ ਨੂੰ ਸਹੂਲਤ ਦਿੱਤੀ ਜਾਵੇ |