ਬੋਹਾ, 16 ਜੂਨ (ਰਮੇਸ਼ ਤਾਂਗੜੀ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਦੀ ਮੀਟਿੰਗ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਜਥੇਬੰਦੀ ਦੀ 29ਵੀਂ ਵਰੇ੍ਹਗੰਢ ਦੇ ਸ਼ਾਨਾਮਤਾ ਸਫ਼ਰ ਦੌਰਾਨ ਦੱਸਿਆ ਕਿ ਸਾਰੇ ਪੇਂਡੂ ਡਾਕਟਰਾਂ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਇਲਾਜ ਕਰ ਕੇ ਸੇਵਾ ਕੀਤੀ ਹੈ | ਉਨ੍ਹਾਂ ਲੁਧਿਆਣਾ ਜ਼ਿਮਨੀ ਚੋਣ ਲੜ ਰਹੇ ਵੱਖ-ਵੱਖ ਰਾਜਨੀਤਕ ਪਾਰਟੀ ਉਮੀਦਵਾਰਾਂ ਨੂੰ ਸਵਾਲ ਕਰਨ ਮਗਰੋਂ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ | ਜਥੇਬੰਦੀ ਨੇ ਪੇਂਡੂ ਡਾਕਟਰਾਂ ਨੂੰ ਖ਼ਬਰਦਾਰ ਕੀਤਾ ਕਿ ਆਉਣ ਵਾਲਾ ਸਮਾਂ ਸਾਰਿਆਂ ਲਈ ਪ੍ਰੀਖਿਆ ਦੀ ਘੜੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਬਣਨ ਵੇਲੇ ਪੇਂਡੂ ਡਾਕਟਰਾਂ ਨੇ ਸਾਫ਼ ਸੁਥਰੇ ਢੰਗ ਨਾਲ ਪਿੰਡਾਂ ਦੇ ਲੋੜਵੰਦ ਤੇ ਗਰੀਬ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਨ ਦੇ ਬਦਲ 'ਚ ਆਮ ਲੋਕਾਂ ਦਾ ਸਹਾਰਾ ਬਣ ਕੇ ਉਨ੍ਹਾਂ ਨੂੰ ਰਜਿਸਟਰੇਸ਼ਨ ਦੇਣ ਵਾਅਦੇ ਮਗਰੋਂ ਬਦਲਾਅ ਨੂੰ ਵੋਟਾਂ ਪਾਈਆਂ ਸਨ | ਆਗੂਆਂ ਨੇ ਦੱਸਿਆ ਕਿ 26 ਨਵੰਬਰ 2024 ਨੂੰ ਸਿਹਤ ਮੰਤਰੀ ਨਾਲ ਹੋਈ ਮੀਟਿੰਗ 'ਚ ਟਰੇਨਿੰਗ ਸ਼ੁਰੂ ਕਰਵਾਉਣ ਦੇ ਫ਼ੈਸਲੇ ਨੂੰ ਲਾਗੂ ਕਰਵਾਉਣ ਦੀ ਵਿਉਂਤਬੰਦੀ ਕਰਦਿਆਂ ਸੰਘਰਸ਼ ਦੇ ਪੜਾਅ ਵਜੋਂ ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਮੀਟਿੰਗਾਂ ਕਰਨ ਦੇ ਪੜਾਅ ਵਜੋਂ ਬੋਹਾ ਬਲਾਕ ਦੀ ਮੀਟਿੰਗ ਕੀਤੀ ਗਈ ਹੈ | ਇਸ ਮੌਕੇ ਹਰਬੰਸ ਸਿੰਘ, ਕੇਵਲ ਸਿੰਘ, ਕੁਲਵੰਤ ਰਾਏ, ਚਰਨਜੀਤ ਕੌਰ, ਸੁਭਾਸ਼ ਚੰਦਰ, ਨਿਰਮਲ, ਅਮਰਨਾਥ, ਪ੍ਰੇਮ ਕੁਮਾਰ, ਜਸਪਾਲ, ਸਤਗੁਰ ਸਿੰਘ, ਗਮਦੂਰ ਸਿੰਘ, ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ, ਹਰਕੀਤ ਸਿੰਘ, ਭੁਪਿੰਦਰ ਸਿੰਘ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |