ਮਾਨਸਾ, 16 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਪੀ. ਆਈ. (ਐਮ. ਐਲ) ਲਿਬਰੇਸ਼ਨ ਨੇ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ 'ਚ ਉੱਥੋਂ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ | ਪਾਰਟੀ ਦੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬੱਖਤਪੁਰਾ ਅਤੇ ਸੂਬਾਈ ਬੁਲਾਰੇ ਕਾ. ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਸਾਢੇ ਤਿੰਨ ਸਾਲ ਦਾ ਰਾਜ ਹਰ ਪੱਧਰ 'ਤੇ ਅਸਫਲ ਸਾਬਤ ਹੋਇਆ ਹੈ ਅਤੇ ਸਮੁੱਚੇ ਰਾਜ ਵਿਚ ਅਰਾਜਕਤਾ ਦਾ ਬੋਲਬਾਲਾ ਹੈ | ਇਸੇ ਤਰ੍ਹਾਂ ਪੰਜਾਬ ਨੂੰ ਪੁਲਿਸ ਰਾਜ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਨਸ਼ਿਆਂ ਵਿਚ ਨੌਜਵਾਨਾਂ ਦੀਆਂ ਮੌਤਾਂ ਅਤੇ ਹਰ ਦਿਨ ਕਤਲ ਤੇ ਪੁਲਿਸ 'ਮੁਕਾਬਲਿਆਂ' ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਪੰਜਾਬ ਸਰਕਾਰ 'ਤੇ ਕੇਜਰੀਵਾਲ ਜੁੰਡਲੀ ਦਾ ਪੂਰਨ ਕਬਜ਼ਾ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਸਮੇਤ ਮੰਤਰੀਆਂ, ਵਿਧਾਇਕਾਂ ਕੋਲ ਕੋਈ ਸਿਆਸੀ ਸ਼ਕਤੀ ਨਹੀਂ ਬਚੀ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਗੈਰ ਜਮਹੂਰੀ ਬੋਲੀ ਬੋਲਦਿਆਂ ਇਕ ਤਾਨਾਸ਼ਾਹ ਵਾਂਗ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਧਮਕਾ ਰਿਹਾ ਹੈ | ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਦੇ ਸੁਪਰੀਮੋ ਦੀਆਂ ਧਮਕੀਆਂ ਤੇ ਸਿਆਸੀ ਬਲੈਕਮੇਲਿੰਗ ਦਾ ਜੁਆਬ ਸੰਜੀਵ ਅਰੋੜਾ ਨੂੰ ਹਰਾ ਕੇ ਦੇਣ |