ਬਠਿੰਡਾ, 18 ਜੂਨ (ਸੱਤਪਾਲ ਸਿੰਘ ਸਿਵੀਆਂ)- ਖੱਬੇ-ਪੱਖੀ ਪਾਰਟੀਆਂ ਸੀ.ਪੀ.ਆਈ.ਅਤੇ ਸੀ.ਪੀ.ਆਈ (ਐੱਮ) ਵਲੋਂ ਫ਼ਲਸਤੀਨ ਦੇ ਹੱਕ 'ਚ ਇਕਜੁਟਤਾ ਦਿਵਸ ਮਨਾਉਂਦੇ ਹੋਏ ਸਥਾਨਕ ਮਿੰਨੀ ਸਕੱਤਰੇਤ ਨਜ਼ਦੀਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਿਤਿਨ ਯਾਹੂ ਦੇ ਖਿਲਾਫ ਰੋਸ ਮਾਰਚ ਕਰਨ ਉਪਰੰਤ ਉਨ੍ਹਾਂ ਦੇ ਪੁਤਲੇ ਸਾੜੇ ਗਏ | ਸੀ.ਪੀ.ਆਈ.ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਅਤੇ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਮਿੰਦਰ ਸਿੰਘ ਬਾਠ ਨੇ ਕਿਹਾ ਕਿ ਅਮਰੀਕਾ ਦੀ ਸਹਿ 'ਤੇ ਇਜ਼ਰਾਈਲ ਵਲੋਂ ਫ਼ਲਸਤੀਨ ਉੱਪਰ ਲਗਾਤਾਰ ਬੰਬ-ਬਾਰੀ ਕਰਕੇ ਤਹਿਸ-ਨਹਿਸ ਕਰ ਦਿੱਤਾ ਗਿਆ ਹੈ, ਜਦਕਿ ਫ਼ਲਸਤੀਨ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ | ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯੁੱਧ ਠੱਲ੍ਹਣ ਦੀ ਬਜਾਏ ਇਨ੍ਹਾਂ ਦੇਸ਼ਾਂ ਨੂੰ ਲੜਾਈ ਲਈ ਉਕਸਾ ਰਹੇ ਹਨ ਅਤੇ ਭਾਰਤ ਦੀ ਮੋਦੀ ਸਰਕਾਰ ਵਲੋਂ ਵੀ ਸਾਮਰਾਜੀ ਦੇਸ਼ਾਂ ਦਾ ਪੱਖ ਪੂਰਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਫ਼ਲਸਤੀਨ ਤੋਂ ਬਾਅਦ ਹੁਣ ਇਜਰਾਈਲ ਨੇ ਵੀ ਇਰਾਨ ਉੱਪਰ ਹਮਲੇ ਕਰਕੇ ਉਥੋਂ ਦੇ ਲੋਕਾਂ ਦੀ ਭਾਰੀ ਤਬਾਹੀ ਕੀਤੀ ਹੈ ਤੇ ਇਨ੍ਹਾਂ ਘਟਨਾਵਾਂ 'ਤੇ ਅਰਬ ਜਗਤ ਦੇ ਸਾਰੇ ਦੇਸ਼ਾਂ ਦੇ ਸ਼ਾਸਕ ਅਮਰੀਕਾ ਦੀ ਕਠਪੁਤਲੀ ਬਣ ਕੇ ਚੁੱਪ ਧਾਰੀ ਬੈਠੇ ਹਨ ਤੇ ਸਥਿਤੀ ਤੀਜੇ ਵਿਸ਼ਵ ਯੁੱਧ ਦੀ ਬਣਦੀ ਜਾ ਰਹੀ ਹੈ | ਜਦਕਿ ਭਿਆਨਕ ਨਤੀਜਿਆਂ ਨੂੰ ਦੇਖਦੇ ਹੋਏ ਆਮ ਲੋਕ ਅਤੇ ਦੇਸ਼ ਦੀਆਂ ਇਨਸਾਫ਼ ਪਸੰਦ ਧਿਰਾਂ ਯੁੱਧ ਨਹੀਂ ਚਾਹੁੰਦੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਖੱਬੀਆਂ ਪਾਰਟੀਆਂ ਵਲੋਂ ਫ਼ਲਸਤੀਨ ਦੇ ਹੱਕ ਵਿਚ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਪੰਜਾਬ ਸਮੇਤ ਦੁਨੀਆਂ ਭਰ 'ਚ ਵਧ ਰਹੀਆਂ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ | ਇਸ ਮੌਕੇ ਕਾਮਰੇਡ ਜਸਵੀਰ ਸਿੰਘ ਆਕਲੀਆ, ਕਾਮਰੇਡ ਬਲਕਾਰ ਸਿੰਘ, ਮਿੱਠੂ ਸਿੰਘ ਘੱੁਦਾ, ਮਜ਼ਦੂਰ ਆਗੂ ਮੱਖਣ ਸਿੰਘ ਗੁਰੂਸਰ, ਐਡਵੋਕੇਟ ਐਮ.ਐਮ.ਬਹਿਲ, ਰਾਜਾ ਸਿੰਘ ਦਾਨ ਸਿੰਘ ਵਾਲਾ, ਸ਼ਿਲਪਾ ਐੱਸ.ਅੱੈਫ.ਆਈ., ਮਨੋਜ ਕੁਮਾਰ, ਜਗਸੀਰ ਸਿੰਘ ਚਹਿਲ, ਲਛਮਣ ਚੌਧਰੀ, ਵਿਨੋਦ, ਬਲਜਿੰਦਰ ਸਿੰਘ ਜੋਗਾਨੰਦ ਸਮੇਤ ਆਦਿ ਆਗੂ ਤੇ ਵਰਕਰ ਮੌਜੂਦ ਸਨ |