ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਪੁਲਿਸ ਵਲੋਂ 45.18 ਗ੍ਰਾਮ ਹੈਰੋਇਨ ਅਤੇ 70 ਗੋਲੀਆਂ ਟਰਾਮਾਡੋਲ ਸਮੇਤ 9 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿੰਨ੍ਹਾਂ ਦੇ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਕੀਤੀ ਗਈ ਹੈ | ਪਹਿਲਾ ਮਾਮਲੇ ਸੰਬੰਧੀ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਹਿਰ ਦੇ ਸਰਹਿੰਦ ਨਹਿਰ ਪਟੜੀ 'ਤੇ ਸੰਦੀਪ ਸਿੰਘ ਵਾਸੀ ਪਿੰਡ ਪਥਰਾਲਾ, ਲਵਲੀ ਕੁਮਾਰ ਵਾਸੀ ਬਸੰਤ ਵਿਹਾਰ, ਸੁਖਪ੍ਰੀਤ ਸਿੰਘ ਵਾਸੀ ਨਵੀ ਬਸਤੀ ਬਠਿੰਡਾ ਨੂੰ ਗਿ੍ਫ਼ਤਾਰ ਕਰਦੇ ਹੋਏ ਇਨ੍ਹਾਂ ਕੋਲੋਂ 70 ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਗਈਆ ਹਨ | ਤਿੰਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਕੋਤਵਾਲੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਥਾਣਾ ਸਿਵਲ ਲਾਇਨ ਪੁਲਿਸ ਵਲੋਂ ਨੇੜੇ ਜਲੇਬੀ ਚੌਕ ਬਠਿੰਡਾ ਤੋਂ ਗੋਰਵ ਵਾਸੀ ਚੰਦਸਰ ਬਸਤੀ ਅਤੇ ਕੇਸ਼ਵ ਕੁਮਾਰ ਵਾਸੀ ਆਵਾ ਬਸਤੀ ਨੂੰ ਗਿ੍ਫ਼ਤਾਰ ਕਰਦੇ ਇਹਨਾਂ ਕੋਲੋਂ 30.63 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਦੋਵੇਂ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਕੈਨਾਲ ਕਾਲੋਨੀ ਪੁਲਿਸ ਵਲੋਂ ਬਹਿਮਣ ਦੀਵਾਨਾ ਪੁੱਲ ਸਰਹਿੰਦ ਨਹਿਰ ਤੋਂ ਬੂਟਾ ਸਿੰਘ ਵਾਸੀ ਪਰਸ ਰਾਮ ਨਗਰ ਨੂੰ ਗਿ੍ਫ਼ਤਾਰ ਕਰਦੇ ਹੋਏ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਥਰਮਲ ਪੁਲਿਸ ਨੇ ਖੇਤਾਂ ਸਿੰਘ ਬਸਤੀ ਤੋਂ ਮਨਪ੍ਰੀਤ ਸਿੰਘ ਵਾਸੀ ਕੋਟਭਾਰਾ ਨੂੰ ਗਿ੍ਫ਼ਤਾਰ ਕਰਦੇ ਹੋਏ ਉਸ ਦੇ ਕਬਜ਼ੇ ਵਿਚ 3.30 ਗ੍ਰਾਮ ਹੈਰੋਇਨ ਅਤੇ ਥਾਰ ਗੱਡੀ ਬਰਾਮਦ ਕੀਤੀ ਗਈ ਹੈ ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਥਾਣਾ ਕੈਂਟ ਪੁਲਿਸ ਨੇ ਪਿੰਡ ਗੋਬਿੰਦਪੁਰਾ ਤੋਂ ਜੋਗਰਾਜ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਨੂੰ ਗਿ੍ਫ਼ਤਾਰ ਕਰਦੇ ਹੋਏ ਮੁਲਜ਼ਮਾਂ ਕੋਲੋਂ 5.25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਜਿੰਨ੍ਹਾਂ ਦੇ ਖ਼ਿਲਾਫ਼ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |