16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਟਰੱਕ ਯੂਨੀਅਨ ਭਗਤਾ ਭਾਈਕਾ ਵਿਖੇ ਆਪ੍ਰੇਟਰਾਂ ਵਲੋਂ ਭਲਕੇ ਰੋਸ ਮਾਰਚ ਦਾ ਐਲਾਨ <br/>

ਅਜੀਤ ਡੈਸਕ 07-11-2025

ਭਗਤਾ ਭਾਈਕਾ, 6 ਨਵੰਬਰ (ਸੁਖਪਾਲ ਸਿੰਘ ਸੋਨੀ)-ਸੰਤ ਮਹੇਸ਼ ਮੁਨੀ ਜੀ ਟਰੱਕ ਅਪਰੇਟਰਜ਼ ਵੈਲਫ਼ੇਅਰ ਸੁਸਾਇਟੀ ਭਗਤਾ ਭਾਈਕਾ ਦੇ ਕੁਝ ਅਪਰੇਟਰਾਂ ਅਤੇ ਡਰਾਇਵਰਾਂ ਦੀ ਇਕ ਅਹਿਮ ਇਕੱਤਰਤਾ ਯੂਨੀਅਨ ਵਿਖੇ ਹੋਈ | ਇਸ ਇਕੱਤਰਤਾ ਵਿਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਪਾਲਾ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਹਾਜ਼ਰੀਨ ਕੁਝ ਟਰੱਕ ਅਪਰੇਟਰਾਂ ਰਾਤੇਸ਼ ਕੁਮਾਰ ਰਿੰਕੂ, ਕਰਮਜੀਤ ਸਿੰਘ, ਜੀਤਾ ਸਿੰਘ ਕੋਠਾ ਗੁਰੂ, ਕਾਲਾ ਸਿੰਘ, ਯੋਧਾ ਸਿੰਘ ਭਗਤਾ, ਜੋਨੀ ਭਗਤਾ, ਮੱਖਣ ਸਿੰਘ ਭੋਡੀਪੁਰਾ, ਬੁੱਧ ਸਿੰਘ, ਹਰਜੀਤ ਸਿੰਘ ਨੇ ਪਿਛਲੇ ਦਿਨੀਂ ਉਨ੍ਹਾਂ ਤੋਂ ਖੋਹੇ ਗਏ ਕੰਮ ਦੀ ਤਿੱਖੀ ਨਿਖੇਧੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਿਰ ਦੀ ਸ਼ਹਿ ਹੇਠ ਇਕ ਠੇਕੇਦਾਰ ਵਲੋਂ ਬਾਹਰਲੇ ਵਹੀਕਲਾਂ ਰਾਹੀਂ ਮਾਲ ਢੋਇਆ ਗਿਆ, ਜਿਸ ਨਾਲ ਸਥਾਨਕ ਟਰੱਕ ਆਪਰੇਟਰਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੀਟਿੰਗ ਵਿਚ ਦੋਸ਼ ਲਗਾਇਆ ਕਿ ਉਕਤ ਮਾਮਲੇ ਦੌਰਾਨ 18 ਟਰੱਕ ਅਪਰੇਟਰਾਂ ਅਤੇ ਡਰਾਇਵਰਾਂ ਨੂੰ ਗਲਤ ਤਰੀਕੇ ਨਾਲ ਜੇਲ੍ਹ ਵਿਚ ਡੱਕ ਦਿੱਤਾ ਗਿਆ, ਜੋ ਕਿ ਲੋਕਤੰਤਰ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਾਨੂੰ ਆਪਣੇ ਹੱਕਾਂ ਲਈ ਲੜਾਈ ਲੜਨੀ ਪੈ ਰਹੀ ਹੈ ਅਤੇ ਸੱਤਾਧਾਰੀ ਧੱਕੇਸ਼ਾਹੀ ਵਿਰੁੱਧ ਅਸੀਂ ਚੁੱਪ ਨਹੀਂ ਰਹਾਂਗੇ | ਉਕਤ ਨੇ ਕਿਹਾ ਕਿ ਜਦ ਤੱਕ ਇਨਸਾਫ਼ ਨਹੀਂ ਮਿਲਦਾ, ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ | ਯੂਨੀਅਨ ਦੇ ਕੁਝ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੁਝ ਤਾਕਤਾਂ ਵਲੋਂ ਟਰੱਕ ਯੂਨੀਅਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਨ੍ਹਾਂ ਵਧੀਕੀਆਂ ਦੇ ਖਿਲਾਫ਼ ਟਰੱਕ ਅਪਰੇਟਰਾਂ ਅਤੇ ਡਰਾਇਵਰਾਂ ਨੇ 7 ਨਵੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭਗਤਾ ਭਾਈਕਾ ਸ਼ਹਿਰ ਵਿਚ ਇਕ ਵੱਡਾ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ | ਯੂਨੀਅਨ ਦੇ ਆਗੂ ਰਿਤੇਸ਼ ਕੁਮਾਰ ਰਿੰਕੂ ਨੇ ਸਮੂਹ ਇਲਾਕਾ ਨਿਵਾਸੀਆਂ, ਇਨਸਾਫ਼ ਪਸੰਦ ਅਤੇ ਹੋਰਨਾਂ ਲੋਕਾਂ ਨੂੰ ਯੂਨੀਅਨ ਦੇ ਰੋਸ ਮੁਜ਼ਾਹਰੇ ਵਿਚ ਸ਼ਮੂਲੀਅਤ ਕਰਨ ਅਪੀਲ ਕੀਤੀ | ਟਰੱਕ ਅਪਰੇਟਰਾਂ ਅਤੇ ਡਰਾਇਵਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯੂਨੀਅਨ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਤੇ ਧੱਕੇਸ਼ਾਹੀ ਕਰਨ ਵਾਲੇ ਸਥਾਨਕ ਆਗੂਆਂ, ਅਧਿਕਾਰੀਆਂ ਤੇ ਠੇਕੇਦਾਰ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ |

ਪਿਛਲੀ ਖ਼ਬਰ ਸੀਵਰੇਜ ਵਰਕਰ ਯੂਨੀਅਨ ਵਲੋਂ ਨਗਰ ਨਿਗਮ ਗੇਟ ਅੱਗੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਿੱਖਿਆ ਵਿਰੋਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।