ਦੋਰਾਹਾ, 15 ਜੂਨ (ਮਨਜੀਤ ਸਿੰਘ ਗਿੱਲ)-ਦੋਰਾਹਾ ਲਾਗੇ ਰਾਸ਼ਟਰੀ ਰਾਜ ਮਾਰਗ ਮਲੀਪੁਰ ਵਿਖੇ ਵਾਪਰੇ ਸੜਕ ਹਾਦਸੇ 'ਚ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਇਕ ਛੋਟੀ ਗੱਡੀ ਜਿਸ 'ਚ ਖ਼ਰਬੂਜ਼ੇ ਲੱਦੇ ਹੋਏ ਸਨ, ਉਹ ਪੈਂਚਰ ਹੋ ਗਈ ਉਸ ਗੱਡੀ ਦਾ ਡਰਾਈਵਰ ਬਲਦੇਵ ਰਾਜ ਪੁੱਤਰ ਦੌਲਤ ਰਾਜ ਵਾਸੀ ਲਖਣਪੁਰ ਕਪੂਰਥਲਾ ਗੱਡੀ ਦਾ ਟਾਇਰ ਬਦਲ ਰਿਹਾ ਸੀ ਤੇ ਬਜ਼ੁਰਗ ਹੋਣ ਕਰਕੇ ਉਸ ਦੀ ਮਦਦ ਲਈ ਆਪਣੀ ਗੱਡੀ ਸਾਈਡ 'ਤੇ ਲਾ ਕੇ ਜਸਵਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਲੁਧਿਆਣਾ ਉਸ ਨਾਲ ਟਾਇਰ ਬਦਲੀ ਕਰਵਾਉਣ ਲੱਗ ਗਿਆ ਤਾਂ ਇਸੇ ਦੌਰਾਨ ਦੋਰਾਹਾ ਸਾਈਡ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਗੱਡੀ 'ਚ ਟੱਕਰ ਮਾਰ ਦਿੱਤੀ | ਜਿਸ ਕਾਰਨ ਬਜ਼ੁਰਗ ਡਰਾਈਵਰ ਬਲਦੇਵ ਰਾਜ ਤੇ ਉਨ੍ਹਾਂ ਦੀ ਮਦਦ ਲਈ ਆਇਆ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਬਲਦੇਵ ਰਾਜ ਨੂੰ ਜਲੰਧਰ ਤੇ ਜਸਵਿੰਦਰ ਸਿੰਘ ਨੂੰ ਓਸਵਾਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ | ਦੋਰਾਹਾ ਪੁਲਸ ਅਨੁਸਾਰ ਦੋਵਾਂ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |