ਜੋਧਾਂ/ਗੁਰੂਸਰ ਸੁਧਾਰ, 22 ਜੂਨ (ਗੁਰਵਿੰਦਰ ਸਿੰਘ ਹੈਪੀ, ਜਗਪਾਲ ਸਿੰਘ ਸਿਵੀਆਂ)-ਇਕ ਸਾਬਕਾ ਦੋਸਤ ਨੂੰ ਰਾਹ 'ਚੋਂ ਹਟਾਉਣ ਦੀ ਨੀਅਤ ਨਾਲ ਰਾਏਕੋਟ ਨੇੜਲੇ ਪਿੰਡ ਦੀ ਕਾਰ ਸਵਾਰ ਲੜਕੀ ਅਤੇ ਉਸ ਦੇ ਸਾਥੀ ਬਲਕਰਨ ਸਿੰਘ ਵਾਸੀ ਜੱਟਪੁਰਾ ਵਲੋਂ ਨੌਜਵਾਨ ਹਰਕੀਰਤ ਸਿੰਘ ਪਿੰਡ ਤੁੰਗਾਹੇੜੀ ਨੂੰ ਅਗਵਾ ਕਰਕੇ ਕੁੱਟਮਾਰ ਕਰਦਿਆਂ ਬੇਹੋਸ਼ੀ ਦੀ ਹਾਲਤ 'ਚ ਸੁਧਾਰ ਨੇੜਲੇ ਪਿੰਡ ਸਹੌਲੀ ਕੋਲੋਂ ਵਗਦੀ ਅਬੋਹਰ ਬ੍ਰਾਂਚ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜ੍ਹਤ ਹਰਕੀਰਤ ਸਿੰਘ ਨੇ ਜੋਧਾਂ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਰਾਏਕੋਟ ਨੇੜਲੇ ਪਿੰਡ ਦੀ ਲੜਕੀ ਨਾਲ ਲੰਮੇ ਸਮੇਂ ਤੋਂ ਦੋਸਤੀ ਸੀ ਅਤੇ ਦੋਵੇਂ ਇੰਡੋ ਕੈਨੇਡੀਅਨ ਸਕੂਲ ਬਿੰਜਲ 'ਚ 12ਵੀਂ ਜਮਾਤ ਤੱਕ ਇਕੱਠੇ ਪੜ੍ਹਦੇ ਸਨ, ਉਹ ਫ਼ੋਨ ਤੇ ਇੰਸਟਾਗ੍ਰਾਮ ਰਾਹੀਂ ਗੱਲਬਾਤ ਕਰਦੇ ਸਨ, ਪਰ ਉਸ ਲੜਕੀ ਦੀ ਪਿੰਡ ਜੱਟਪੁਰਾ ਦੇ ਬਲਕਰਨ ਸਿੰਘ ਨਾਲ ਨੇੜਤਾ ਵਧਣ ਕਾਰਨ ਹਰਕੀਰਤ ਨਾਲ ਉਸ ਦੀ ਨਾਰਾਜ਼ਗੀ ਵੱਧ ਗਈ | ਲੰਘੀ 18 ਜੂਨ ਨੂੰ ਉਕਤ ਲੜਕੀ ਵਲੋਂ ਹਰਕੀਰਤ ਨੂੰ ਜੋਧਾਂ ਨੇੜੇ ਨਹਿਰ ਕੰਢੇ ਮਿਲਣ ਲਈ ਬੁਲਾਇਆ | ਜਿੱਥੇ ਉਸ ਨੇ ਹਰਕੀਰਤ ਨੂੰ ਆਪਣੀ ਸਵਿੱਫਟ ਕਾਰ 'ਚ ਬਿਠਾਇਆ ਅਤੇ ਗੱਲਾਂ 'ਚ ਉਲਝਾਇਆ ਅਤੇ ਉਸ ਦਾ ਮੋਬਾਈਲ ਫ਼ੋਨ ਉਸ ਤੋਂ ਲੈ ਲਿਆ | ਇਸ ਦੌਰਾਨ ਬਲਕਰਨ ਸਿੰਘ ਜੋ ਪਹਿਲਾਂ ਤੋਂ ਲੁਕਿਆ ਹੋਇਆ ਸੀ, ਅਚਾਨਕ ਕਾਰ 'ਚ ਆਇਆ ਅਤੇ ਸਫੈਦ ਦਸਤਾਨੇ ਪਾਈ ਹਰਕੀਰਤ ਦਾ ਗਲਾ ਦਬਾਇਆ ਅਤੇ ਉਸ ਨੂੰ ਬੇਹੋਸ਼ ਕਰਕੇ ਸਹੌਲੀ ਨਹਿਰ 'ਚ ਸੁੱਟ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ | ਨਹਿਰ ਕੰਢੇ ਖੇਤਾਂ 'ਚ ਕੰਮ ਕਰਦੇ ਪਿੰਡ ਸਹੌਲੀ ਦੇ ਪੰਚ ਜਗਪਾਲ ਸਿੰਘ ਅਤੇ ਤੇਜਪਾਲ ਸਿੰਘ ਨੇ ਹਰਕੀਰਤ ਨੂੰ ਨਹਿਰ 'ਚ ਡੁੱਬਦਾ ਦੇਖਿਆ ਅਤੇ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ | ਜਿਸ ਦੇ ਸਰੀਰ 'ਤੇ ਸਿਰਫ਼ ਪੈਂਟ ਹੀ ਪਾਈ ਮਿਲੀ, ਉਨ੍ਹਾਂ ਨੇ ਹਰਕੀਰਤ ਦੀ ਮਾਂ ਜਸਵਿੰਦਰ ਕੌਰ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਸਿਵਲ ਹਸਪਤਾਲ ਪੱਖੋਵਾਲ ਭੇਜਿਆ | ਗੰਭੀਰ ਹਾਲਤ ਕਾਰਨ ਹਰਕੀਰਤ ਨੂੰ ਲੁਧਿਆਣਾ ਰੈੱਫਰ ਕਰ ਦਿੱਤਾ ਗਿਆ | ਜੋਧਾਂ ਥਾਣਾ ਮੁਖੀ ਸਾਹਿਬਮੀਤ ਸਿੰਘ ਨੇ ਦੱਸਿਆ ਕਿ ਜਸਲੀਨ ਕੌਰ ਅਤੇ ਬਲਕਰਨ ਸਿੰਘ ਖ਼ਿਲਾਫ਼ ਬੀ.ਐੱਨ.ਐੱਸ ਦੀਆਂ ਧਾਰਾਵਾਂ 115(ਬੀ), 14, 0(3), 3(5) ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੇ ਮੁਲਜ਼ਮਾਂ ਦੇ ਘਰਾਂ ਅਤੇ ਸੰਭਵ ਸਥਾਨਾਂ 'ਤੇ ਛਾਪੇਮਾਰੀ ਕੀਤੀ, ਪਰ ਦੋਵੇਂ ਫ਼ਰਾਰ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ |