ਈਸੜੂ, 15 ਅਕਤੂਬਰ (ਬਲਵਿੰਦਰ ਸਿੰਘ)-ਪਿੰਡ ਅਲੂਣਾ ਤੋਲਾ ਵਿਖੇ ਅੰਡਰ 14 ਸਾਲ ਕੁੜੀਆਂ ਦੀ 'ਖੇਲੋ ਇੰਡੀਆ' ਸ਼ਾਨਦਾਰ ਲੀਗ ਦਾ ਆਯੋਜਨ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੁਆਰਾ ਕੀਤਾ ਗਿਆ, ਜਿਸ ਵਿੱਚ ਅੰਡਰ-14 ਸਾਲ ਦੀਆਂ ਅੱਠ ਅਕੈਡਮੀਆਂ ਨੇ ਭਾਗ ਲਿਆ | ਕੋਚ ਗੁਰਪ੍ਰੀਤ ਸਿੰਘ ਮਲਹਾਂਸ ਦੇ ਦੱਸਣ ਮੁਤਾਬਿਕ ਸਾਰੀਆਂ ਟੀਮਾਂ ਵਿੱਚ ਜ਼ੋਰਦਾਰ ਮੁਕਾਬਲੇ ਹੋਏ, ਜਿਹਨਾਂ ਵਿਚੋਂ ਬਾਕੀ ਸਾਰੀਆਂ ਟੀਮਾਂ ਨੂੰ ਮਾਤ ਦੇ ਕੇ ਫੁੱਟਬਾਲ ਅਕੈਡਮੀ ਕੋਟਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਵੱਖ ਵੱਖ ਟੀਮਾਂ ਦੀਆਂ ਸਾਰੀਆਂ ਹੀ ਖਿਡਾਰਨਾਂ ਨੇ ਇਸ ਲੀਗ ਦੌਰਾਨ ਬਹੁਤ ਹੀ ਉੱਚ ਕੋਟੀ ਦਾ ਪ੍ਰਦਰਸ਼ਨ ਕਰਦਿਆਂ ਖਿਡਾਰਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ | ਇਸ ਲੀਗ ਦੀ ਖ਼ਾਸੀਅਤ ਇਹ ਸੀ ਕਿ ਇੱਥੇ ਅੰਤਰਰਾਸ਼ਟਰੀ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਪਿੰਡ ਅਲੂਣਾ ਤੋਲਾ ਵਿਖੇ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰਨ ਗੁਰਨਾਜ਼ ਕੌਰ, ਹਰਮੀਨ ਕੌਰ, ਗੁਰਲੀਨ ਕੌਰ ਅਤੇ ਬਾਸਕਿਟਬਾਲ ਖਿਡਾਰਨ ਗੁਰਅਸੀਸ ਕੌਰ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਲੀਗ ਵਿੱਚ ਖਿਡਾਰਨਾਂ ਦੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ | ਇਹ ਲੀਗ ਪੂਰੀ ਤਰ੍ਹਾਂ ਕੁੜੀਆਂ ਨੂੰ ਸਮਰਪਿਤ ਸੀ | ਇਸ ਲਈ ਲੀਗ ਦੇ ਮੁੱਖ ਮਹਿਮਾਨ ਵੀ ਪਿੰਡ ਦੇ ਸਰਪੰਚ ਰਮਨਦੀਪ ਕੌਰ ਚੀਮਾ ਸਨ | ਜੇਤੂ ਟੀਮਾਂ ਅਤੇ ਵੱਖ-ਵੱਖ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਨ ਲਈ ਆੜ੍ਹਤ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ ਵਿਸ਼ੇਸ਼ ਤੌਰ ਤੌਰ 'ਤੇ ਪੁੱਜੇ, ਜਿਹਨਾਂ ਨੇ ਟੀਮਾਂ ਅਤੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਇਸ ਲੀਗ ਨੂੰ ਹੋਰ ਮਨੋਰੰਜਕ ਬਣਾਉਣ ਲਈ ਫ਼੍ਰੀ ਸਟਾਈਲਰ ਫੁੱਟਬਾਲਰ ਅਮਨਦੀਪ ਸਿੰਘ ਢਿੱਲੋਂ ਵੱਲੋਂ ਫੁੱਟਬਾਲ ਨਾਲ ਜੌਹਰ ਦਿਖਾਏ ਗਏ | ਖਿਡਾਰਨਾਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਅੰਤ 'ਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਇਸ ਲੀਗ 'ਚ ਪੀ. ਐਫ. ਏ. ਤੋਂ ਰਿਤਿਕ ਬਾਲੀ ਉਚੇਚੇ ਤੌਰ 'ਤੇ ਪਹੁੰਚੇ ਸਨ, ਜਿਨ੍ਹਾਂ ਨੇ ਸਾਰੀ ਲੀਗ ਦਾ ਪ੍ਰਬੰਧ ਸੰਭਾਲਿਆ | ਇਸ ਲੀਗ ਦਾ ਮੁੱਖ ਮਕਸਦ ਖਿਡਾਰਨਾਂ ਨੂੰ ਖੇਡਾਂ ਪ੍ਰਤੀ ਹੋਰ ਵੀ ਜ਼ਿਆਦਾ ਉਤਸ਼ਾਹਿਤ ਕਰਨਾ ਸੀ | ਇਸ ਮੌਕੇ 'ਤੇ ਸੀਨੀਅਰ ਯੂਥ ਆਗੂ ਚਰਨਜੋਤ ਸਿੰਘ ਚੀਮਾ, ਪ੍ਰੋਫੈਸਰ ਕੁਲਦੀਪ ਸਿੰਘ, ਮਾਸਟਰ ਅਮਨਦੀਪ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਕੋਚ ਅਤੇ ਹਰਜਿੰਦਰ ਸਿੰਘ ਅਲੂਣਾ ਤੋਲਾ ਵੀ ਹਾਜ਼ਰ ਸਨ |