ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ 'ਜਾਗਿ੍ਤੀ ਯਾਤਰਾ' ਆਪਣੇ 37ਵੇਂ ਦਿਨ 'ਚ ਖੰਨਾ ਤੋਂ ਗੁਜਰੀ | ਇਹ ਯਾਤਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਹੈ | ਇਸ ਦਾ ਮੁੱਖ ਮਕਸਦ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਤਿਆਗ, ਬਲੀਦਾਨ, ਆਸਥਾ, ਏਕਤਾ ਦੇ ਅਮਰ ਸੰਦੇਸ਼ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ | ਵੀਰਵਾਰ ਨੂੰ ਨਗਰ ਕੀਰਤਨ ਪੂਰੇ ਪਟਿਆਲਾ ਜ਼ਿਲ੍ਹੇ ਦਾ ਦੌਰਾ ਕਰਦਾ ਹੋਇਆ ਅਤੇ ਸ਼ਾਮ ਨੂੰ ਮਲੇਰਕੋਟਲਾ ਤੋਂ ਬਾਅਦ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਖੰਨਾ ਵਿਚੋਂ ਲੰਘਿਆ | ਰਸਤੇ 'ਚ ਹਰ ਥਾਂ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਅਤੇ ਗੁਰੂ ਜੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ | ਪੰਜਾਬ 'ਚ ਨਗਰ ਕੀਰਤਨ ਦੇ ਦੇਖ ਰੇਖ ਮਲਵਿੰਦਰ ਸਿੰਘ ਬੈਨੀਪਾਲ, ਰਣਜੀਤ ਸਿੰਘ ਰਾਣਾ, ਭਵਨ ਸਿੰਘ, ਬਾਬਾ ਅਮਰ ਸਿੰਘ, ਹਰਦੀਪ ਸਿੰਘ ਸਮੇਤ ਹੋਰ ਸੇਵਾਦਾਰਾਂ ਮਿਲ ਕੇ ਸ਼ਰਧਾਪੂਰਵਕ ਕੀਤੀ | ਨਗਰ ਕੀਰਤਨ 'ਚ ਰਾਗੀ ਜਥਿਆਂ, ਨਿਹੰਗ ਸਿੰਘਾਂ, ਗੁਰਸੇਵਾ ਨਾਲ ਜੁੜੀਆਂ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੇ ਧਾਰਮਿਕ ਝਾਕੀਆਂ ਅਤੇ ਨਿਸ਼ਾਨ ਸਾਹਿਬਾਂ ਨਾਲ ਭਗਤੀ ਤੇ ਸ਼ਰਧਾ ਦਾ ਮਨਮੋਹਕ ਦਿ੍ਸ਼ ਪੇਸ਼ ਕੀਤਾ | ਇਹ ਪਵਿੱਤਰ ਯਾਤਰਾ ਨੂੰ 17 ਸਤੰਬਰ 2025 ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੱਲੋਂ ਪਟਨਾ ਸਾਹਿਬ ਵਿਖੇ ਸਿਖ ਨੇਤਾਵਾਂ ਅਤੇ ਬਿਹਾਰ ਸਰਕਾਰ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ 'ਚ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਸੀ | ਇਹ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰੂ ਤੇਗ ਬਹਾਦੁਰ ਜੀ ਨਾਲ ਸੰਬੰਧਿਤ ਪਵਿੱਤਰ ਨਿਸ਼ਾਨੀਆਂ ਨਾਲ ਕੱਢੀ ਗਈ | ਇਹ ਯਾਤਰਾ ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਰਾਹੀਂ ਹੁੰਦੀ ਹੋਈ ਪੰਜਾਬ 'ਚ ਆਪਣੇ ਅੰਤਿਮ ਪੜਾਅ 'ਚ ਪਹੁੰਚ ਚੁੱਕੀ ਹੈ |