ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)- ਪੁਲਿਸ ਇਲੈੱਕਟ੍ਰਾਨਿਕ ਸਾਧਨਾਂ ਰਾਹੀਂ ਅਪਰਾਧੀਆਂ ਤੱਕ ਪਹੁੰਚਣ 'ਚ ਸਫਲ ਹੋ ਹੀ ਰਹੀ ਹੈ | ਖੰਨਾ 'ਚ ਇਕ ਵਿਅਕਤੀ ਨੇ ਇਕ ਮਠਿਆਈ ਦੀ ਦੁਕਾਨ 'ਤੇ ਆਪਣਾ ਬਟੂਆ ਗੁਆ ਲਿਆ ਅਤੇ ਬਾਅਦ 'ਚ ਉਸ ਦੀ ਸੀ. ਸੀ. ਟੀ. ਵੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾਣ ਤੋਂ ਕੁੱਝ ਘੰਟਿਆਂ 'ਚ ਹੀ ਚੋਰੀ ਕਰਨ ਵਾਲਾ ਵਿਅਕਤੀ ਪਹਿਚਾਣ ਕੇ ਫੜ ਲਿਆ ਗਿਆ | ਘਟਨਾ ਇਸ ਤਰ੍ਹਾਂ ਹੋਈ ਕਿ ਰਤਨਹੇੜੀ ਪਿੰਡ ਦੇ ਨਿਵਾਸੀ ਨਿਰਮਲ ਸਿੰਘ ਮਾਨ ਦਾ ਬਟੂਆ ਸਥਾਨਕ ਜੈਨ ਸਵੀਟਸ 'ਤੇ ਮਠਿਆਈ ਖ਼ਰੀਦਣ ਲੱਗਿਆ ਡਿਗ ਪਿਆ ਸੀ | ਤਾਂ ਇਕ ਹੋਰ ਵਿਅਕਤੀ ਨੇ ਇਸ ਨੂੰ ਚੁੱਕ ਲਿਆ | ਨਿਰਮਲ ਸਿੰਘ ਨੇ ਜੈਨ ਸਵੀਟਸ ਦੀ ਦੁਕਾਨ ਤੋਂ ਸੀ. ਸੀ. ਟੀ. ਵੀ ਫੁਟੇਜ ਲੈ ਕੇ ਆਪਣੇ ਦੋਸਤਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ | ਜਿਵੇਂ ਹੀ ਇਹ ਵੀਡੀਓ 'ਆਪ' ਦੇ ਵਾਰਡ ਇੰਚਾਰਜ ਲਵਲੇਸ਼ ਅਰੋੜਾ ਨੇ ਦੇਖੀ ਤਾਂ ਉਸ ਨੇ ਬਟੂਆ ਚੁਕਣ ਵਾਲੇ ਨੂੰ ਪਛਾਣ ਲਿਆ ਅਤੇ ਉਸ ਨਾਲ ਸੰਪਰਕ ਕਰ ਕੇ ਬਟੂਆ ਵਾਪਸ ਲੈ ਕੇ ਨਿਰਮਲ ਸਿੰਘ ਨੂੰ ਸੌਂਪ ਦਿੱਤਾ | ਨਿਰਮਲ ਸਿੰਘ ਲਵਲੇਸ਼ ਅਰੋੜਾ ਦਾ ਧੰਨਵਾਦ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 'ਆਪ' ਮੀਟਿੰਗਾਂ ਵਿੱਚ ਵਰਕਰਾਂ ਨੂੰ ਲੋਕਾਂ ਨਾਲ ਸੰਪਰਕ ਕਰਨ, ਉਨ੍ਹਾਂ ਦੀਆਂ ਖੁਸ਼ੀਆਂ-ਖੇੜੇ ਸਾਂਝੇ ਕਰਨ ਅਤੇ ਮੁਸੀਬਤ ਦੇ ਸਮੇਂ ਮਦਦ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਲਦੀ ਹੀ ਇਸ ਮਦਦ ਲਈ ਲਵਲੇਸ਼ ਅਰੋੜਾ ਨੂੰ ਸਨਮਾਨਿਤ ਕੀਤਾ ਜਾਵੇਗਾ |