ਸਮਰਾਲਾ, 3 ਦਸੰਬਰ (ਗੋਪਾਲ ਸੋਫਤ)-ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੇ ਪਿ੍ੰਸੀਪਲ ਡਾ. ਪੂਨਮ ਸ਼ਰਮਾ ਨੂੰ ਫੈਪ ਨੈਸ਼ਨਲ ਐਵਾਰਡਜ਼ 2025 ਦੁਆਰਾ 'ਪ੍ਰਾਈਡ ਆਫ਼ ਸਕੂਲ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਸਕੂਲ ਅਤੇ ਸਮਰਾਲਾ ਖੇਤਰ ਲਈ ਮਾਣ ਵਾਲੀ ਗੱਲ ਹੈ | ਡਾ. ਪੂਨਮ ਸ਼ਰਮਾ ਦੀ ਦੂਰਅੰਦੇਸ਼ੀ ਅਗਵਾਈ ਅਤੇ ਸਿੱਖਿਆ ਦੇ ਖੇਤਰ ਵਿਚ ਨਵੀਨਤਾਕਾਰੀ ਪਹੰੁਚ ਨੇ ਸਕੂਲ ਨੂੰ ਸਿੱਖਿਆ ਦੇ ਖੇਤਰ ਵਿਚ ਨਵੇਂ ਮੁਕਾਮ 'ਤੇ ਪਹੁੰਚਾਇਆ ਹੈ | ਡਾ. ਸ਼ਰਮਾ ਦੀ ਅਗਵਾਈ ਵਿਚ ਸਕੂਲ ਨੇ ਅਕਾਦਮਿਕ, ਸਹਿ-ਪਾਠਕ੍ਰਮ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਮੁੱਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਇੱਕ ਸਿੱਖਿਆ ਸ਼ਾਸਤਰੀ ਹਰ ਵਿਅਕਤੀ ਦੇ ਦਿਲ ਦਿਮਾਗ਼ ਵਿਚ ਰੌਸ਼ਨੀ ਲਿਆਉਂਦਾ ਹੈ | ਡਾ. ਪੂਨਮ ਸ਼ਰਮਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ਵਿਦਿਆਰਥੀਆਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਵਿਸ਼ੇ ਵਜੋਂ ਹਿੱਸਾ ਲਿਆ | ਉਨ੍ਹਾਂ ਨੇ ਸਿੱਖਿਆ ਵਿਚ ਤਕਨਾਲੋਜੀ ਦੀ ਵਰਤੋਂ ਅਤੇ ਭਵਿੱਖ ਦੀਆਂ ਚੁਨੌਤੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਦੀ ਮਹੱਤਤਾ 'ਤੇ ਚਰਚਾ ਕੀਤੀ | ਇਸ ਐਵਾਰਡ ਨੇ ਡਾ. ਪੂਨਮ ਸ਼ਰਮਾ ਦੀ ਸਿੱਖਿਆ ਪ੍ਰਤੀ ਸਮਰਪਣ ਅਤੇ ਨਵੀਨਤਾਕਾਰੀ ਸੋਚ ਨੂੰ ਮਾਨਤਾ ਦਿੱਤੀ ਹੈ | ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਇਹ ਅਵਾਰਡ ਮਿਲਣ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ |