24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦੋ ਘੰਟੇ ਦੀ ਬਾਰਿਸ਼ ਨੇ ਮੰਡੀ ਨੂੰ ਛੱਪੜ ਦੇ ਰੂਪ ਵਿਚ ਕੀਤਾ ਤਬਦੀਲ <br/>

ਅਜੀਤ ਡੈਸਕ 18-06-2025
ਧਨੌਲਾ, 17 ਜੂਨ (ਜਤਿੰਦਰ ਸਿੰਘ ਧਨੌਲਾ)-ਦੋ ਘੰਟੇ ਦੀ ਬਾਰਸ਼ ਨੇ ਧਨੌਲਾ ਮੰਡੀ ਨੂੰ ਛੱਪੜ ਦੇ ਰੂਪ ਵਿਚ ਤਬਦੀਲ ਕਰਕੇ ਰੱਖ ਦਿੱਤਾ | ਜ਼ਿਕਰਯੋਗ ਹੈ ਕਿ ਸੱਤਾਧਾਰੀ ਧਿਰ ਵਲੋਂ ਕਰੋੜਾਂ ਰੁਪਏ ਧਨੌਲੇ ਦੇ ਨਿਕਾਸੀ ਪ੍ਰਬੰਧਾਂ ਦੇ ਸੁਚਾਰੂ ਹੱਲ ਲਈ ਮੰਡੀ ਲਈ ਦਿੱਤੇ ਗਏ | ਤਕਰੀਬਨ ਪਹਿਲਾਂ ਸਮੁੱਚੇ ਕਾਰਜਾਂ ਅਤੇ ਫਿਰ ਇੱਕ ਇੱਕ ਗਲੀ ਇੰਟਰਲਾਕ ਲੱਗਣ ਦੇ ਦੋ ਵਾਰ ਉਦਘਾਟਨ ਵੀ ਕੀਤੇ ਗਏ | ਸੈਂਕਸ਼ਨ ਮਸ਼ੀਨਾਂ 'ਤੇ ਖ਼ਰਚ ਕੀਤੀ ਗਈ ਰਾਸ਼ੀ ਦੀ ਧਾਂਦਲੀ, ਸੀਵਰੇਜ ਟਰੀਟਮੈਂਟ ਪਲਾਂਟ ਵਿਚ ਹੋਈ ਵੱਡੀ ਧਾਂਦਲੀ ਪੂਰੀ ਤਰ੍ਹਾਂ ਉੱਭਰ ਕੇ ਚਰਚਾ ਵਿਚ ਆਈ, ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ | ਇਨਸਾਫ਼ਪਸੰਦ ਲੋਕਾਂ ਨੇ ਵਿਜੀਲੈਂਸ ਅਤੇ ਉੱਚ ਅਧਿਕਾਰੀਆਂ ਪਾਸੋਂ ਜਾਂਚ ਦੀ ਮੰਗ ਵੀ ਕੀਤੀ ਪਰ ਇਸ ਸਭ ਦੇ ਬਾਵਜੂਦ ਸਭ ਕੁੱਝ ਠੰਢੇ ਵਸਤੇ ਵਿਚ ਪਾ ਦਿੱਤਾ ਗਿਆ | ਮੰਡੀ ਨਿਵਾਸੀਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਨੇ ਹਰ ਕੰਮ ਖਰਾ ਅਤੇ ਸੱਚ ਦੇ ਦਾਇਰੇ 'ਚ ਰੱਖਣ ਲਈ ਖਟਕੜ ਕਲਾਂ ਜਾ ਕੇ ਸਰਕਾਰ ਨੂੰ ਸੌਂਹ ਤੱਕ ਚੁਕਾਈ ਗਈ ਪ੍ਰੰਤੂ ਏਡੀ ਵੱਡੀ ਪ੍ਰਤੀਬੱਧਤਾ ਦੇ ਬਾਵਜੂਦ ਵੀ ਮਨਮਾਨੀਆਂ ਦਾ ਦੌਰ ਨਿਰਵਿਘਨ ਜਾਰੀ ਹੈ | ਇੱਥੋਂ ਤੱਕ ਕਿ ਧਨੌਲਾ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਹਿੱਕ ਥਾਪੜ ਕੇ ਆਖੀ ਸੀ ਕਿ ਇੱਕ ਇੱਕ ਰੁਪਿਆ ਪਬਲਿਕ ਦੀ ਪ੍ਰੋਪਰਟੀ ਹੈ ਇਸ ਨੂੰ ਕੋਲ ਖੜ ਕੇ ਖ਼ਰਚ ਕਰਵਾਇਆ ਜਾਵੇ | ਰੱਤੀ ਭਰ ਵੀ ਸ਼ੱਕ ਪੈਣ 'ਤੇ ਮੇਰੇ ਧਿਆਨ ਵਿਚ ਲਿਆਂਦਾ ਜਾਵੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਸਭ ਦੇ ਬਾਵਜੂਦ ਵੀ ਸਭ ਕੁੱਝ ਸਟੇਜ ਦੀਆਂ ਗੱਲਾਂ ਤੱਕ ਸੀਮਤ ਹੋ ਕੇ ਰਹਿ ਗਿਆ | ਇਹ ਗੱਲ ਵੀ ਦੇਖਣ ਨੂੰ ਮਿਲੀ ਕਿ ਜਿਨ੍ਹਾਂ ਲੋਕਾਂ ਨੇ ਸ਼ਿਕਾਇਤ ਕਰਨ ਲਈ ਅੱਗੇ ਆਉਣ ਦਾ ਸਾਹਸ ਕੀਤਾ ਉਨ੍ਹਾਂ ਨੂੰ ਦਬਕੇ ਵੀ ਮਾਰੇ ਗਏ ਅਤੇ ਉਨ੍ਹਾਂ ਦੇ ਗਾਹੇ ਵਗਾਹੇ ਨੁਕਸਾਨ ਕਰਨ ਲਈ ਜੁਗਾੜ ਵੀ ਲਾਏ ਜਾਂਦੇ ਰਹੇ ਪ੍ਰੰਤੂ ਮਾਹਿਰ ਟੀਮਾਂ ਵਲੋਂ ਵੱਡੀ ਪੱਧਰ 'ਤੇ ਨਮੂਨੇ ਲੈਣ ਦੇ ਬਾਵਜੂਦ ਵੀ ਮਾਮਲੇ ਠੰਢੇ ਵਸਤੇ ਵਿਚ ਪਾ ਦਿੱਤੇ ਗਏ | ਇੱਥੇ ਅਚੰਭਾ ਇਸ ਗੱਲ ਦਾ ਵੀ ਹੈ ਕਿ ਸੱਤਾਧਾਰੀ ਧਿਰ ਵਲੋਂ ਤਾਂ ਇਹ ਸਭ ਕੁੱਝ ਨਜ਼ਰ ਅੰਦਾਜ਼ ਕੀਤਾ ਹੀ ਗਿਆ | ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾ ਰਹੇ ਕਾਂਗਰਸ ਪਾਰਟੀ ਦੇ ਦਮਗਜੇ ਮਾਰਨ ਵਾਲੇ ਨੁਮਾਇੰਦੇ ਵੀ ਕੁੰਭਕਰਨੀ ਦੀ ਨੀਂਦ ਜਾ ਸੁੱਤੇ | ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਧਨੌਲਾ ਆਏ, ਉਨ੍ਹਾਂ ਦੇ ਧਿਆਨ ਵਿਚ ਵੀ ਇਹ ਸਭ ਕੁੱਝ ਲਿਆਂਦਾ ਗਿਆ | ਉਹ ਵੀ ਡਿਪਟੀ ਕਮਿਸ਼ਨਰ ਨੂੰ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਬਾਰੇ ਆਖ ਕੇ ਗਏ ਪ੍ਰੰਤੂ ਡਿਪਟੀ ਕਮਿਸ਼ਨਰ ਹੀ ਗੁਪਤ ਸਮਝੌਤਿਆਂ ਦਾ ਹਿੱਸਾ ਬਣਨ ਲਈ ਚਰਚਾ ਵਿਚ ਆਉਣ ਕਰਕੇ ਬਦਲੀ ਕਰਵਾ ਕੇ ਚੱਲਦੇ ਬਣੇ | ਲੋਕਾਂ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਲੋਕਾਂ ਨੇ ਇੱਥੇ ਦਿੱਤੀ ਗਈ ਰਾਸ਼ੀ ਬਾਰੇ ਇੱਕ ਇੱਕ ਸਟੇਜ 'ਤੇ ਗਰਜ ਕੇ ਦਮਗਜੇ ਮਾਰਨੇ ਹਨ ਪ੍ਰੰਤੂ ਇੱਥੇ ਭੇਜੀ ਗਈ ਰਾਸ਼ੀ ਦਾ ਵੱਡਾ ਹਿੱਸਾ ਕਥਿਤ ਨਿੱਜੀ ਹਿਤ ਸਾਧਨ ਵਾਲਿਆਂ ਦੀ ਭੇਟ ਚੜ੍ਹ ਗਿਆ, ਜਿਸ ਦਾ ਖਮਿਆਜਾ ਭਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਅਚੰਭਾ ਇਸ ਗੱਲ ਦਾ ਵੀ ਹੈ ਕਿ ਹਰ ਵਾਰੀ ਇਲੈੱਕਸ਼ਨ ਲੜਨ ਮੌਕੇ ਮੇਨ ਮੁੱਦਾ ਇੱਥੋਂ ਦੇ ਨਿਕਾਸੀ ਪ੍ਰਬੰਧਾਂ ਦੇ ਸਾਰਥਿਕ ਹੱਲ ਦਾ ਰੱਖਿਆ ਜਾਂਦਾ ਹੈ | ਤਿੰਨ ਦਹਾਕਿਆਂ ਤੋਂ ਲੋਕ ਨਿਕਾਸੀ ਪਾਣੀ ਦੇ ਸਾਰਥਿਕ ਹਰ ਦੀ ਮੰਗ ਵੀ ਕਰਦੇ ਰਹੇ ਹਨ ਪ੍ਰੰਤੂ ਜਦ ਰਾਸ਼ੀ ਆ ਜਾਂਦੀ ਹੈ ਤਾਂ ਉਹ ਇੱਕ ਵਾਰ ਇੰਟਰਲਾਕ ਲਾਏ ਜਾਣ 'ਤੇ ਇੱਕ ਵਾਰ ਨਾਲੀਆਂ ਬਣਾਏ ਜਾਣ 'ਤੇ ਖ਼ਰਚ ਕਰਕੇ ਭੁਗਤਾ ਦਿੱਤੀ ਜਾਂਦੀ ਹੈ | ਰਾਸ਼ੀ ਦੀ ਦੁਰਵਰਤੋਂ ਹੋਣ ਕਰਕੇ ਮੰਡੀ ਦਾ ਪੱਧਰ 12-13 ਫੁੱਟ ਦੇ ਕਰੀਬ ਉੱਚਾ ਆ ਗਿਆ ਪ੍ਰੰਤੂ ਨਿਕਾਸੀ ਦੀ ਹਾਲਤ ਹਾਲੇ ਵੀ ਬਦ ਤੋਂ ਬਦਤਰ ਹੈ | ਮੱੁਢਲਾ ਮਸਲਾ ਫਿਰ ਮੂੰਹ ਚਿੜਾਉਂਦਾ ਦਿਖਾਈ ਦਿੰਦਾ ਹੈ | ਕਈ ਅਖੌਤੀ ਖ਼ੰੂਖ਼ਾਰ ਕੌਂਸਲਰ ਅਤੇ ਕਰਮਚਾਰੀ ਆਰਜ਼ੀ ਮੋਟਰ ਨਿਕਾਸੀ ਖੂਹ 'ਤੇ ਫਿੱਟ ਕਰਕੇ ਪਾਣੀ ਨਿਕਾਸ ਕਰਨ ਨੂੰ ਬੜਾ ਹਿੱਕ ਥਾਪੜ ਕੇ ਆਖਦੇ ਹਨ ਕਿ ਇਸ ਵਾਰ ਤਾਂ ਪਾਣੀ 10-12 ਘੰਟਿਆਂ ਵਿਚ ਹੀ ਨਿਕਾਸ ਕਰਵਾ ਦਿੱਤਾ ਗਿਆ ਪ੍ਰੰਤੂ ਇੰਨੀ ਭਾਰੀ ਰਾਸ਼ੀ ਖ਼ਰਚ ਹੋਣ ਦੇ ਬਾਵਜੂਦ ਵੀ ਆਰਜ਼ੀ ਪ੍ਰਬੰਧਾਂ ਤੱਕ ਹੀ ਇਸ ਮਸਲੇ ਨੂੰ ਕਿਉਂ ਰੱਖਿਆ ਜਾਂਦਾ ਹੈ | ਲੋਕ ਮੰਗ ਕਰਦੇ ਰਹੇ ਹਨ ਕਿ ਇੱਥੇ ਦੋਵੇਂ ਨਿਕਾਸੀ ਖੂਹ ਮੁੜ ਸੁਚੱਜੇ ਢੰਗ ਨਾਲ ਚਾਲੂ ਕਰਕੇ ਅਤੇ ਦੋਵੇਂ ਸੀਵਰੇਜ ਲਾਈਨ ਅਤੇ ਬਰਸਾਤੀ ਲਾਈਨ ਦੀ ਹੇਠਲੇ ਪੱਧਰ ਤੱਕ ਸਫ਼ਾਈ ਕਰਵਾ ਕੇ ਮੰਡੀ ਨੂੰ ਹਮੇਸ਼ਾ ਲਈ ਨਿਕਾਸੀ ਪਾਣੀ ਦੀ ਜ਼ਿੱਲਤ ਤੋਂ ਮੁਕਤ ਕਰਵਾਇਆ ਜਾਵੇ | ਜੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਅਵੇਸਲਾਪਣ ਦਾ ਸਿਲਸਿਲਾ ਜਾਰੀ ਰੱਖਿਆ ਤਾਂ ਦੋਵਾਂ ਹੀ ਧਿਰਾਂ ਨੂੰ ਆਉਣ ਵਾਲੀ ਇਲੈੱਕਸ਼ਨ ਮੌਕੇ ਭਾਰੀ ਖ਼ਮਿਆਜ਼ਾ ਭੁਗਤਣ ਲਈ ਮਜਬੂਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |

ਪਿਛਲੀ ਖ਼ਬਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ-ਐੱਸ.ਐੱਚ.ਓ. <br/> ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ ਮੱਧ ਵਰਗ ਦੇ ਬੱਚੇ ਲਾਅ ਕਾਲਜ ਨਾ ਹੋਣ ਕਾਰਨ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਅਸਮਰੱਥ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।