ਹੰਡਿਆਇਆ, 17 ਜੂਨ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਦੇ ਦਫ਼ਤਰ ਵਿਖੇ ਮੈਂਬਰ ਕੌਂਸਲਰਾਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਹਾਊਸ ਵਲੋਂ ਵੱਖ-ਵੱਖ ਕੰਮਾਂ ਸਮੇਤ 4 ਏਕੜ ਜ਼ਮੀਨ ਸ਼ਹਿਰੀ ਪ੍ਰਾਪਰਟੀ ਵੇਚਣ ਲਈ 4 ਕੌਂਸਲਰਾਂ ਵਲੋਂ ਵਿਰੋਧ ਵਿਚ ਅਤੇ 8 ਕੌਂਸਲਰਾਂ ਵਲੋਂ ਹੱਕ ਵਿਚ ਮਤਾ ਪਾਸ ਕੀਤਾ ਗਿਆ | ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਪ੍ਰਧਾਨ ਬੀਬੀ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ ਵਿਚ ਪ੍ਰਧਾਨ ਸਮੇਤ ਮੀਤ ਪ੍ਰਧਾਨ ਮਹਿੰਦਰ ਕੌਰ ਸਿੱਧੂ, ਕੌਂਸਲਰ ਗੁਰਮੀਤ ਬਾਵਾ, ਬਸਾਵਾ ਸਿੰਘ ਭਰੀ, ਬਲਵੀਰ ਸਿੰਘ, ਚਰਨੋਂ ਕੌਰ, ਰੇਸ਼ਮਾ, ਰੂਪੀ ਕੌਰ ਨੇ 4 ਏਕੜ ਜ਼ਮੀਨ ਬਠਿੰਡਾ-ਚੰਡੀਗੜ੍ਹ ਐਨ.ਐੱਚ -7 ਉਪਰ ਖ਼ਸਰਾ ਨੰਬਰ: 564 ਬੀਬੜੀਆਂ ਵਾਲੀ ਜ਼ਮੀਨ ਵੇਚਣ, ਖੇਡ ਸਟੇਡੀਅਮ ਬਣਾਉਣ ਲਈ ਬੀੜ ਵਾਲੀ ਜ਼ਮੀਨ ਵਿਚੋਂ 4 ਏਕੜ ਜ਼ਮੀਨ ਦੇ ਸਬੰਧੀ ਅਤੇ 45 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਵਾਲੇ 6 ਛੱਪੜਾਂ ਦੀ ਚਾਰਦੀਵਾਰੀ ਕਰਵਾਉਣੀ ਤਾਂ ਕਿ ਹੋਰ ਨਜਾਇਜ਼ ਕਬਜ਼ੇ ਨਾ ਹੋਣ ਦਾ ਮਤਾ ਪਾਸ ਕੀਤਾ ਗਿਆ | ਮੀਟਿੰਗ ਵਿਚ 8 ਮੈਂਬਰ ਕੌਂਸਲਰਾਂ ਨੇ ਜ਼ਮੀਨ ਵੇਚਣ ਵਿਚ ਸਹਿਮਤੀ ਦਿੱਤੀ, ਇੱਕ ਮੈਂਬਰ ਹਾਜਰ ਨਹੀਂ ਹੋ ਸਕਿਆ ਅਤੇ 4 ਕੌਂਸਲਰਾਂ ਨੇ ਅਸਹਿਮਤੀ ਜਤਾਈ ਹੈ | ਜਿਨ੍ਹਾਂ ਵਿਚ ਆਪ ਦੇ ਮੈਂਬਰ ਕੌਂਸਲਰ ਅਮਰ ਦਾਸ, ਕਾਂਗਰਸ ਦੇ ਕੁਲਦੀਪ ਸਿੰਘ ਤਾਜਪੁਰੀਆ, ਮੰਜੂ ਰਾਣੀ ਤੇ ਵੀਰਪਾਲ ਕੌਰ ਨੇ ਵਿਰੋਧ ਵਿਚ ਰੋਸ ਜਿਤਾਇਆ | ਇਹ ਵੀ ਪਤਾ ਲੱਗਿਆ ਹੈ ਕਿ ਨਗਰ ਪੰਚਾਇਤ ਹੰਡਿਆਇਆ ਇਹ ਜ਼ਮੀਨ ਮਹਿੰਗੇ ਭਾਅ ਵੇਚ ਕੇ ਕਿਤੇ ਹੋਰ ਸਸਤੀ ਤੇ ਜ਼ਿਆਦਾ ਜ਼ਮੀਨ ਲੈਣ ਦਾ ਵਿਚਾਰ ਕਰੇਗੀ | ਇਸ ਸਬੰਧੀ ਕੁਲਦੀਪ ਸਿੰਘ ਤਾਜਪੁਰੀਆ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਕਮਰਸ਼ੀਅਲ ਜਗ੍ਹਾ ਵਿਚ ਸਰਕਾਰੀ ਪ੍ਰੋਜੈਕਟ ਲਿਆਂਦਾ ਜਾ ਸਕਦਾ ਸੀ ਕਿਉਂਕਿ ਮੁੱਖ ਮਾਰਗ 'ਤੇ ਕਿਤੇ ਵੀ ਸਰਕਾਰੀ ਜ਼ਮੀਨ ਨਹੀਂ ਹੈ | ਸਰਕਾਰੀ ਪ੍ਰੋਜੈਕਟ ਲੱਗਣ ਨਾਲ ਕਸਬਾ ਹੰਡਿਆਇਆ ਦੇ ਨਾਲ-ਨਾਲ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਲਾਭ ਮਿਲਣਾ ਸੀ | ਇਹ ਜ਼ਮੀਨ ਵੇਚਣ ਨਾਲ ਵਾਂਝੇ ਹੋ ਜਾਣਗੇ |