ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਨਸ਼ੀਲੇ ਕੈਪਸੂਲਾਂ, ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਪਤਾ ਲੱਗਿਆ ਹੈ | ਥਾਣਾ ਮੁੱਖ ਅਫ਼ਸਰ ਕਿਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਏ.ਐਸ.ਆਈ. ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਵਲੋਂ ਮਹਿਲ ਕਲਾਂ ਤੋਂ ਕਲਾਲ ਮਾਜਰਾ ਨੂੰ ਜਾਂਦੀ ਲਿੰਕ ਸੜਕ 'ਤੇ ਕੀਤੀ ਨਾਕਾਬੰਦੀ ਦੌਰਾਨ ਜਦੋਂ ਇੱਕ ਨੌਜਵਾਨ ਪੈਦਲ ਤੁਰਿਆ ਆੳਾੁਦਾ ਵੇਖਿਆ, ਉਸ ਦੀ ਕੀਤੀ ਤਲਾਸ਼ੀ ਦੌਰਾਨ 50 ਨਸ਼ੀਲੀਆਂ ਗੋਲੀਆਂ ਖੁੱਲ੍ਹੀਆਂ ਅਤੇ 22 ਪੱਤਿਆਂ ਵਿਚੋਂ 330 ਕੈਪਸੂਲ ਬਰਾਮਦ ਹੋਏ | ਮੌਕੇ 'ਤੇ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਮਨੀ ਵਾਸੀ ਝੋਰੜਾ ਵਜੋਂ ਹੋਈ ਹੈ | ਪੁਲਿਸ ਥਾਣਾ ਮਹਿਲ ਕਲਾਂ ਵਿਖੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਲਾਗੂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |