ਅਹਿਮਦਗੜ੍ਹ, 19 ਜੂਨ (ਰਵਿੰਦਰ ਪੁਰੀ)-ਪੰਜਾਬ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲ ਅਹਿਮਦਗੜ੍ਹ ਦੀ ਗਠਿਤ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਅੱਜ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਯੋਤੀ ਹਿੰਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਤੇ ਸਥਾਨਕ ਸ਼ਾਮਿਲ ਕੀਤੇ ਗਏ ਵਿਅਕਤੀਆਂ ਨਾਲ ਹਸਪਤਾਲ ਦੀ ਦੇਖਭਾਲ ਅਤੇ ਲੋੜੀਦੇ ਹੋਰ ਚੰਗੇ ਪ੍ਰਬੰਧਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਐਸ.ਐਮ.ਓ ਡਾ. ਜਯੋਤੀ ਹਿੰਦ ਨੇ ਹਸਪਤਾਲ ਅੰਦਰ ਆਮ ਲੋਕਾਂ ਲਈ ਮੌਜੂਦਾ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਨਾਲ ਹੀ ਕੁਝ ਹੋਰ ਲੋੜੀਂਦੇ ਪ੍ਰਬੰਧਾਂ ਵਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਸੰਸਥਾਵਾਂ ਨੂੰ ਸਹਿਯੋਗ ਪਾਉਣ ਲਈ ਅਪੀਲ ਕੀਤੀ | ਮੀਟਿੰਗ ਵਿਚ ਸੰਮਤੀ ਮੈਂਬਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਨੇ ਹਸਪਤਾਲ ਅੰਦਰ ਡਾਕਟਰਾਂ ਦੀ ਵੱਡੀ ਘਾਟ ਅਤੇ ਐਮਰਜੈਂਸੀ ਸਹੂਲਤਾਂ ਨਾ ਹੋਣ ਦਾ ਮੁੱਦਾ ਉਠਾਇਆ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇੱਥੇ ਜਲਦ ਹੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ | ਨਗਰ ਕੌਂਸਲ ਪ੍ਰਧਾਨ ਵਿਕਾਸ ਸ਼ਰਮਾ ਨੇ ਇਸ ਮੌਕੇ ਤੇ ਵਿਸ਼ਵਾਸ ਦਵਾਇਆ ਕਿ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨਾਲ ਇਸ ਹਸਪਤਾਲ ਅੰਦਰਲੀਆਂ ਸਾਰੀਆਂ ਘਾਟਾ ਦਾ ਹੱਲ ਕਰਨ ਲਈ ਵਿਚਾਰ ਵਟਾਂਦਰਾ ਹੋ ਚੁੱਕਾ ਹੈ ਅਤੇ ਜਲਦ ਹੀ ਉਚੇਚੇ ਪ੍ਰਬੰਧ ਹੋਣਗੇ | ਸਟੇਟ ਅਵਾਰਡੀ ਸੰਸਥਾ ਸੋਸ਼ਲ ਵੈੱਲਫੇਅਰ ਐਸੋ: ਦੇ ਪ੍ਰਧਾਨ ਡਾ. ਸੁਨੀਤ ਹਿੰਦ ਨੇ ਵੀ ਆਪਣੀ ਸੰਸਥਾ ਵੱਲੋਂ ਹਸਪਤਾਲ ਦੇ ਯੋਗ ਪ੍ਰਬੰਧ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ | ਮੀਟਿੰਗ ਵਿਚ ਉਕਤ ਮੈਂਬਰਾਂ ਤੋਂ ਇਲਾਵਾ ਸੈਨੀਟੇਸ਼ਨ ਅਤੇ ਵਾਟਰ ਸਪਲਾਈ ਵਿਭਾਗ ਵਲੋਂ ਜੇ.ਈ. ਹਰਜੀਤ ਸਿੰਘ, ਬੀ.ਪੀ.ਈ.ਓ ਦੀਪਕ ਗੋਇਲ, ਸੀ.ਡੀ.ਪੀ.ਓ ਵਲੋਂ ਗੁਰਮੀਤ ਕੌਰ, ਬੀ.ਡੀ.ਪੀ.ਓ ਵੱਲੋਂ ਸਲੀਮ ਖਾਨ, ਡਾ. ਅਨਮਦੀਪ ਸਿੰਘ ਆਦਿ ਹਾਜ਼ਰ ਸਨ |