ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ)-ਇਲਾਕੇ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਜਿਨ੍ਹਾਂ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਦੁਪਹਿਰ ਸਮੇਂ ਹੀ ਆਜ਼ਾਦ ਨਗਰ ਗਲੀ ਨੰਬਰ 1 ਵਿਖੇ ਸੰਘਣੀ ਆਬਾਦੀ 'ਚ ਸਥਿਤ ਇੱਕ ਘਰ ਨੂੰ ਨਿਸ਼ਾਨਾ ਬਣਾ ਲਿਆ | ਜੋ ਘਰ ਅੰਦਰ ਦਾਖਲ ਹੋ ਕੇ ਸੋਨੇ ਦੀਆਂ ਤਿੰਨ ਛਾਪਾਂ ਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ | ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਕਾਨ ਮਾਲਕ ਰਾਕੇਸ਼ ਕੁਮਾਰ ਪੁੱਤਰ ਬਾਲ ਕਿ੍ਸ਼ਨ ਬਦਰਾ ਵਾਸੀ ਤਪਾ ਨੇ ਦੱਸਿਆ ਕਿ ਦੁਪਹਿਰ ਸਮੇਂ ਚੋਰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਦਰਵਾਜ਼ਿਆਂ ਦੀ ਭੰਨ ਤੋੜ ਕਰਕੇ ਅੰਦਰ ਰੱਖੀਆਂ ਅਲਮਾਰੀਆਂ ਅਤੇ ਬੈੱਡਾਂ ਦੀ ਫਰੋਲਾ ਫਰਾਲੀ ਕਰਕੇ ਤਿੰਨ ਸੋਨੇ ਦੀਆਂ ਛਾਪਾਂ ਅਤੇ 20 ਕੁ ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ | ਮਕਾਨ ਮਾਲਕ ਨੇ ਦੱਸਿਆ ਕਿ ਬੱਚੇ ਗਰਮੀ ਦੇ ਛੁੱਟੀਆਂ ਕਰਕੇ ਨਾਨਕੇ ਘਰ ਗਏ ਹੋਏ ਹਨ ਅਤੇ ਉਹ ਦੁਪਹਿਰ ਦੇ ਕਰੀਬ ਦੋ ਕੁ ਵਜੇ ਖਾਣਾ ਖਾ ਕੇ ਘਰ ਨੂੰ ਤਾਲਾ ਲਾ ਕੇ ਦੁਕਾਨ 'ਤੇ ਚਲੇ ਗਏ ਸਨ | ਜਦੋਂ ਉਨ੍ਹਾਂ ਦਾ ਬੇਟਾ ਸ਼ਾਮ ਸਮੇਂ ਘਰ ਦੁੱਧ ਵਾਲੀ ਢੋਲੀ ਚੁੱਕਣ ਲਈ ਪਹੁੰਚਿਆ ਤਾਂ ਉਸ ਨੇ ਘਰ ਦਾ ਸਾਰਾ ਸਮਾਨ ਬਿਖਰਿਆ ਪਿਆ ਦੇਖਿਆ | ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦਿੱਤੀ | ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ | ਗੱਲਬਾਤ ਦੌਰਾਨ ਤਫ਼ਤੀਸ਼ੀ ਅਫਸਰ ਨੇ ਕਿਹਾ ਕਿ ਪੁਲਿਸ ਵਲੋਂ ਇਸ ਘਟਨਾ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ | ਇਨ੍ਹਾਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |