ਮਹਿਲ ਕਲਾਂ, 17 ਅਕਤੂਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਸ. ਐਸ. ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੀ ਰਹਿਨੁਮਾਈ ਅਤੇ ਪੁਲਿਸ ਸਬ-ਡਵੀਜ਼ਨ ਮਹਿਲ ਕਲਾਂ ਦੇ ਡੀ. ਐਸ. ਪੀ. ਜਸਪਾਲ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ | ਇਸ ਸੰਦਰਭ ਵਿਚ ਥਾਣਾ ਠੁੱਲੀਵਾਲ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਏ. ਐਸ. ਆਈ. ਜਸਵਿੰਦਰ ਸਿੰਘ ਦੀ ਨਿਗਰਾਨੀ ਵਿਚ ਕਲੱਸਟਰ ਵਜੀਦਕੇ ਕਲਾਂ ਦੀ ਟੀਮ ਵਲੋਂ ਪਿੰਡ ਠੁੱਲੀਵਾਲ, ਹਮੀਦੀ ਅਤੇ ਗੁਰਮ ਦਾ ਦੌਰਾ ਕੀਤਾ ਗਿਆ | ਦੌਰੇ ਦੌਰਾਨ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਅਤੇ ਸਰਕਾਰ ਵਲੋਂ ਦਿੱਤੇ ਜਾ ਰਹੇ ਪਰਾਲੀ ਪ੍ਰਬੰਧਨ ਦੇ ਵਿਕਲਪਾਂ ਬਾਰੇ ਜਾਣੂ ਕਰਵਾਇਆ ਗਿਆ | ਟੀਮ ਨੇ ਗੁਰਮ ਪਿੰਡ ਵਿਖੇ ਕਿਸਾਨ ਗੁਰਚਰਨ ਸਿੰਘ ਨਾਲ ਵੀ ਮੁਲਾਕਾਤ ਕੀਤੀ, ਜਿਸ ਨੇ ਝੋਨੇ ਦੀ ਕਟਾਈ ਕਰ ਲਈ ਹੈ ਅਤੇ ਗੰਢਾ ਬਣਾਉਣ ਦੁਆਰਾ ਪਰਾਲੀ ਦੇ ਸਹੀ ਪ੍ਰਬੰਧ ਦਾ ਵਿਸ਼ਵਾਸ ਦਿੱਤਾ | ਇਸ ਮੌਕੇ ਸ੍ਰੀ ਸੁਨੀਲ ਕੁਮਾਰ, ਕੁਲਵਿੰਦਰ ਸਿੰਘ ਸਹਾਇਕ ਕਲੱਸਟਰ ਅਫ਼ਸਰ ਹਾਜ਼ਰ ਸਨ | ਕਲੱਸਟਰ ਵਜੀਦਕੇ ਕਲਾਂ ਵਲੋਂ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਤਾਂ ਜੋ ਕਿਸਾਨ ਪਰਾਲੀ ਸਾੜਨ ਦੀ ਬਜਾਏ ਵਿਗਿਆਨਕ ਢੰਗ ਨਾਲ ਇਸ ਦਾ ਪ੍ਰਬੰਧ ਕਰ ਸਕਣ |