26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨਵ ਕੌਰ (ਨਵਦੀਪ ਕੌਰ) ਸਿਟੀ ਆਫ਼ ਸਵਾਨ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣੀ

ਅਜੀਤ ਡੈਸਕ 22-10-2025
ਸੰਗਰੂਰ/ਲਹਿਰਾਗਾਗਾ, 21 ਅਕਤੂਬਰ (ਧੀਰਜ ਪਸੋਰੀਆ, ਅਸ਼ੋਕ ਗਰਗ) - ਨਵ ਕੌਰ, ਜਿਸ ਦਾ ਪੂਰਾ ਨਾਮ ਨਵਦੀਪ ਕੌਰ ਹੈ, ਨੇ ਵੈਸਟਰਨ ਆਸਟੇ੍ਰਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿਚ ਇਤਿਹਾਸ ਰਚ ਦਿੱਤਾ ਹੈ | ਉਹ ਇਸ ਸਿਟੀ ਦੀ ਪਹਿਲੀ ਭਾਰਤੀ ਮੂਲ ਦੀ ਅਤੇ ਪਹਿਲੀ ਪੰਜਾਬਣ ਮਹਿਲਾ ਹੈ ਜਿਸ ਨੇ ਕੌਂਸਲ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਹੈ | ਇਸ ਚੋਣ ਵਿਚ ਕੁੱਲ ਦੱਸ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਨਵ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਸਾਰੀ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਹੈ | ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਉਸ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ 'ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ | ਇਸ ਤੋਂ ਬਾਅਦ, ਨਵ ਕੌਰ ਨੇ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟੇ੍ਰਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ | ਉਸ ਦੀ ਇਹ ਵਿੱਦਿਅਕ ਯਾਤਰਾ ਉਸ ਦੀ ਮਿਹਨਤ, ਲਗਨ ਅਤੇ ਲੀਡਰਸ਼ਿਪ ਸਮਰੱਥਾ ਦੀ ਗਵਾਹ ਹੈ | ਨਵ ਕੌਰ ਨੂੰ ਵੈਸਟਰਨ ਆਸਟੇ੍ਰਲੀਆ ਵਿਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ | ਇਸ ਦੌਰਾਨ ਉਸ ਨੇ ਤਿੰਨੋ ਪੱਧਰਾਂ - ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ-ਵਿਚ ਵਿਸ਼ਾਲ ਤਜਰਬਾ ਹਾਸਲ ਕੀਤਾ ਹੈ | ਉਹ ਵੱਖ-ਵੱਖ ਵਿਭਾਗਾਂ ਦੇ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੀ ਹੈ | ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟਰੇਲੀਆ ਵਿਚ ਰਹਿ ਰਹੇ ਹਨ ਅਤੇ ਵੈਸਟਰਨ ਆਸਟੇ੍ਰਲੀਆ ਦੀ ਸਰਕਾਰ ਵਿਚ ਪਿ੍ੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾ ਰਹੇ ਹਨ | ਨਵ ਕੌਰ ਦਾ ਪਰਿਵਾਰ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ, ਅਤੇ ਉਸ ਦੇ ਆਪਣੇ ਪਰਿਵਾਰਕ ਮੈਂਬਰ ਪੰਜਾਬ ਵਿਚ ਵੱਖ-ਵੱਖ ਪ੍ਰਸ਼ਾਸਕੀ ਅਤੇ ਰਾਜਨੀਤਿਕ ਅਹੁਦਿਆਂ 'ਤੇ ਰਹਿ ਚੁੱਕੇ ਹਨ | ਜਤਿੰਦਰ ਸਿੰਘ ਭੰਗੂ ਅਤੇ ਨਵ ਕੌਰ ਦਾ ਪਿੰਡ ਪੰਜਾਬ ਵਿਚ ਭਾਈ ਕੇ ਪਿਸ਼ੌਰ, ਜ਼ਿਲ੍ਹਾ ਸੰਗਰੂਰ ਹੈ | ਨਵ ਕੌਰ ਦੇ ਸਹੁਰੇ ਸ. ਕਿਰਪਾਲ ਸਿੰਘ ਭੰਗੂ ਪਿੰਡ ਦੇ ਸਾਬਕਾ ਸਰਪੰਚ ਹਨ ਅਤੇ ਉਹ ਇਲਾਕੇ ਵਿਚ ਭਲਾਈ ਦੇ ਕੰਮ ਜਾਰੀ ਰੱਖਦੇ ਹਨ | ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਨਵ ਕੌਰ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ |
ਪਿਛਲੀ ਖ਼ਬਰ ਸਰਕਾਰੀ ਸਨਮਾਨਾਂ ਨਾਲ ਹੋਇਆ ਸਿਪਾਹੀ ਗੁਰਸੇਵਕ ਸਿੰਘ ਲੱਡਾ ਦਾ ਅੰਤਿਮ ਸੰਸਕਾਰ ਅਗਲੀ ਖ਼ਬਰ ਸਾਹਿਤ ਦੀ ਸਮਕਾਲੀਨ ਪ੍ਰਸੰਗਿਕਤਾ ਉੱਤੇ ਵਿਸ਼ੇਸ਼ ਭਾਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।