ਬਰਨਾਲਾ, 5 ਨਵੰਬਰ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਉੱਤੇ ਆਧਾਰਿਤ ਸ਼ਬਦ ਤੇ ਭਾਸ਼ਣ ਪੇਸ਼ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਵੀ ਦੱਸਿਆ ਕਿ ਕਿਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਵਿਚ ਘੁੰਮ ਕੇ ਸਭ ਨੂੰ ਆਪਸੀ ਏਕਤਾ ਅਤੇ ਭਾਈ ਚਾਰੇ ਦਾ ਸੰਦੇਸ਼ ਦਿੱਤਾ ਅਤੇ ਨਾਲ ਉਨ੍ਹਾਂ ਦੇ ਸਿਧਾਂਤ 'ਕਿਰਤ ਕਰੋ ਨਾਮ ਜਪੋ ਵੰਡ ਛਕੋ' ਬਾਰੇ ਵਿਸਥਾਰ ਨਾਲ ਦੱਸਿਆ | ਪਿ੍ੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਲੰਗਰ ਦੀ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਨਤਾ ਅਤੇ ਸਾਂਝੇਪਣ ਦੀ ਸੋਚ ਨੂੰ ਦਰਸਾਉਂਦੀ ਹੈ | ਇਸ ਮੌਕੇ ਸਕੂਲ ਦੇ ਐਮ.ਡੀ. ਸ਼ਿਵ ਸਿੰਗਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚ, ਇਮਾਨਦਾਰੀ, ਸੇਵਾ ਤੇ ਨਿਮਰਤਾ ਦੇ ਰਾਹ 'ਤੇ ਤੁਰਨ ਦੀ ਪੇ੍ਰਰਨਾ ਦਿੱਤੀ ਹੈ | ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਅਮਲ ਕਰਨ ਲਈ ਪ੍ਰੇਰਿਤ ਕੀਤਾ |
ਬਰਨਾਲਾ, (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਕੈਂਪਸ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਸੰਗੀਤ ਵਿਭਾਗ ਵਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਬਾਬਾ ਹਾਕਮ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਸਬੰਧਿਤ ਕਵਿਤਾਵਾਂ, ਭਾਸ਼ਣ ਅਤੇ ਸਾਖੀਆਂ ਪੇਸ਼ ਕੀਤੀਆਂ ਗਈਆਂ | ਸਕੂਲ ਦੇ ਡਾਇਰੈਕਟਰ ਸ: ਰਣਪ੍ਰੀਤ ਸਿੰਘ ਰਾਏ ਨੇ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ | ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਕਿਰਤ ਕਰੋ', 'ਨਾਮ ਜਪੋ', 'ਵੰਡ ਛਕੋ' ਦੇ ਉਪਦੇਸ਼ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਿਆ | ਇਸ ਮੌਕੇ ਸਕੂਲ ਵਾਇਸ ਪਿ੍ੰਸੀਪਲ ਮੈਡਮ ਸੁਮਨ, ਸਮੂਹ ਅਧਿਆਪਕ ਸਾਹਿਬਾਨ ਤੋਂ ਇਲਾਵਾ ਸ਼ਖ਼ਸੀਅਤਾਂ ਤੇ ਵਿਦਿਆਰਥੀ ਹਾਜ਼ਰ ਸਨ |
ਸੈਕਰਡ ਹਾਰਟ ਗਰੁੱਪ ਵਲੋਂ ਸਮਾਗਮ
ਸੈਕਰਡ ਹਾਰਟ ਗਰੁੱਪ ਸੈਕਰਡ ਹਾਰਟ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਰਨਾਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸਮਾਗਮ ਦੌਰਾਨ ਜਪੁ ਜੀ ਸਾਹਿਬ, ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਕੀਤੇ ਗਏ | ਇਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਵਲੋਂ ਪ੍ਰਭਾਤ ਫੇਰੀ ਕੱਢੀ ਗਈ | ਇਸ ਮੌਕੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸਤਵੰਤ ਸਿੰਘ ਦਾਨੀ ਅਤੇ ਤਨਵੀਰ ਦਾਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪਿ੍ੰਸੀਪਲ ਡਾ: ਤੀਰਥ ਸਿੰਘ, ਸੈਕਰਡ ਹਾਰਟ ਗਰੁੱਪ ਦੀਆਂ ਸਾਰੀਆਂ ਸੰਸਥਾਵਾਂ ਦੇ ਪਿ੍ੰਸੀਪਲ, ਵਾਈਸ ਪਿ੍ੰਸੀਪਲ, ਸਟਾਫ਼, ਪ੍ਰਬੰਧਕ ਤੇ ਵਿਦਿਆਰਥੀ ਹਾਜ਼ਰ ਸਨ |
ਵਾਈ.ਐਸ. ਸਕੂਲ ਬਰਨਾਲਾ ਵਿਖੇ ਸਮਾਗਮ
ਵਾਈ.ਐਸ. ਸਕੂਲ ਬਰਨਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਪਿ੍ੰਸੀਪਲ ਵਿੰਮੀ ਪੁਰੀ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਵਲੋਂ ਗੁਰੂ ਜੀ ਦੀਆਂ ਮੁੱਖ ਸਿੱਖਿਆਵਾਂ 'ਤੇ ਆਧਾਰਿਤ ਕਵਿਤਾਵਾਂ, ਭਾਸ਼ਣ ਅਤੇ ਨਾਟਕ ਵੀ ਪੇਸ਼ ਕੀਤੇ ਗਏ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਕੀਤੇ ਗਏ, ਵਾਰਾਂ ਗਾਈਆਂ ਗਈਆਂ ਤੇ ਗਤਕੇ ਦੇ ਕਰਤੱਵ ਵੀ ਦਿਖਾਏ ਗਏ | ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਦਸਤਾਰ ਸਜਾਉਣ ਤੇ ਲੰਬੇ ਕੇਸ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਸ੍ਰੀਮਤੀ ਰੁਪਿੰਦਰ ਕੌਰ ਬਾਜਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ | ਇਸ ਮੌਕੇ ਫਾਊਾਡਰ ਕੁਲਵੰਤ ਸਿੰਘ ਬਾਜਵਾ, ਚੇਅਰਮੈਨ ਸੁਖਮੰਦਰ ਸਿੰਘ, ਐਮ.ਡੀ ਚਮਕੌਰ ਸਿੰਘ ਬਾਜਵਾ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਸਾਹਿਬ ਪਿੰਡ ਬਾਹਮਣੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਗੁਰਇਤਿਹਾਸ ਸੁਣਾਇਆ | ਸ੍ਰੀ ਨਿਸ਼ਾਨ ਸਾਹਿਬ ਉੱਤੇ ਚੋਲ੍ਹਾ ਚੜ੍ਹਾਉਣ ਦੀ ਸੇਵਾ ਸ਼ਰਧਾ ਭਾਵਨਾ ਨਾਲ ਨਿਭਾਈ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਰਿੰਕਾ ਕੁਤਬਾ ਬਾਹਮਣੀਆਂ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਆਪਸੀ ਪ੍ਰੇਮ ਤੇ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੰਦੇ ਹਨ | ਗੁਰਦੁਆਰਾ ਕਮੇਟੀ ਪ੍ਰਧਾਨ ਭਗਵੰਤ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਕੁਲਦੀਪ ਸਿੰਘ, ਭਾਈ ਅਵਤਾਰ ਸਿੰਘ ਖਾਲਸਾ, ਹਰਪਾਲ ਸਿੰਘ ਬੈਨੀਪਾਲ, ਗੁਰਮੇਲ ਸਿੰਘ, ਦਰਸ਼ਨ ਸਿੰਘ ਬੈਨੀਪਾਲ, ਅੰਗਰੇਜ਼ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ, ਸੋਨੰੂ ਸਿੰਘ, ਬਲਵੀਰ ਸਿੰਘ, ਰਾਜਾ ਸਿੰਘ ਬੈਨੀਪਾਲ ਵੀ ਹਾਜ਼ਰ ਸਨ |
ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਸ਼ਰਧਾ ਨਾਲ ਮਨਾਇਆ
ਤਪਾ ਮੰਡੀ, (ਪ੍ਰਵੀਨ ਗਰਗ)-ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਪਾਠੀ ਵਲੋਂ ਸਮੂਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰਭੂ ਨਾਮ ਦਾ ਸਿਮਰਨ ਕਰਨ ਲਈ ਪ੍ਰੇਰਿਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਮੈਨੇਜਮੈਂਟ ਦੇ ਉਪ ਪ੍ਰਧਾਨ ਸੁਭਾਸ਼ ਗੁਪਤਾ, ਮੈਨੇਜਰ ਅਮਿੱਤ ਕੁਮਾਰ, ਰਾਕੇਸ਼ ਭੈਣੀ, ਪ੍ਰਵੀਨ ਗਰਗ, ਰਿੰਕੂ ਸਿੰਗਲਾ ਤੇ ਸਤਪਾਲ ਗੋਇਲ ਇਸ ਸ਼ੁੱਭ ਮੌਕੇ 'ਤੇ ਮੌਜੂਦ ਸਨ | ਇਸ ਮੌਕੇ ਪਿ੍ੰਸੀਪਲ ਮੈਡਮ ਅਨੁਪਮਾ ਸ਼ਰਮਾ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਕਿਰਤ ਕਰੋ, ਵੰਡ ਛਕੋ, ਅਤੇ ਨਾਮ ਜਪੋ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਮੈਡਮ ਗੁਰਮੀਤ ਜਸਪ੍ਰੀਤ ਅਤੇ ਸਾਰੇ ਅਧਿਆਪਕਾਂ ਦੀ ਨਿਗਰਾਨੀ ਹੇਠ ਕਰਵਾਇਆ ਗਿਆ |
ਬਰਨਾਲਾ ਦੇ ਵੱਖ-ਵੱਖ ਸਕੂਲਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅਜੀਤ ਡੈਸਕ
06-11-2025