ਟਰਾਈਡੈਂਟ ਗਰੁੱਪ ਵਲੋਂ ਚੱਲ ਰਹੇ 'ਮੁਫ਼ਤ ਮੈਗਾ ਮੈਡੀਕਲ ਕੈਂਪ 2025' ਦਾ ਦੂਜਾ ਪੜਾਅ ਹੋਇਆ ਸ਼ੁਰੂ <br/>
ਅਜੀਤ ਡੈਸਕ
07-11-2025
ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਕੀਤੀ ਮੁਫ਼ਤ ਮੈਗਾ ਕੈਂਪ ਦੀ ਸ਼ਲਾਘਾ
ਕੈਂਪ 'ਚ ਪਿੰਡ ਧੌਲਾ ਤੋਂ ਪੁੱਜੇ ਦੀਨ ਦਿਆਲ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕਮਰ ਦਰਦ ਦੀ ਸਮੱਸਿਆ ਹੈ | ਇਸ ਕੈਂਪ ਵਿਚ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਉਹ ਚੰਗੀਆਂ ਸਿਹਤ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਹੋਈਆਂ, ਜੋ ਆਮ ਤੌਰ 'ਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਇਸ ਨੇਕ ਉਪਰਾਲੇ ਲਈ ਟਰਾਈਡੈਂਟ ਗਰੁੱਪ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ | ਬਰਨਾਲਾ ਵਾਸੀ ਬਸੰਤੀ ਦੇਵੀ ਨੇ ਦੱਸਿਆ ਕਿ ਉਸ ਨੂੰ ਅੱਖਾਂ ਦੀ ਸਮੱਸਿਆ ਹੈ, ਜਿਸ ਦੇ ਇਲਾਜ ਲਈ ਉਹ ਕੈਂਪ 'ਚ ਪੁੱਜੀ | ਜਿੱਥੇ ਡਾਕਟਰਾਂ ਨੇ ਉਸ ਦਾ ਬੜੀ ਬਾਰੀਕੀ ਨਾਲ ਚੈੱਕਅਪ ਕੀਤਾ ਤੇ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ 'ਚ ਦਿੱਤੀਆਂ | ਕੈਂਪ 'ਚ ਇਲਾਜ ਲਈ ਆਪਣੇ ਪੂਰੇ ਪਰਿਵਾਰ ਸਮੇਤ ਪੁੱਜੇ ਜੋਰਾ ਸਿੰਘ ਨੇ ਦੱਸਿਆ ਕਿ ਉਹ ਸਾਈਕਲਾਂ ਦੀ ਦੁਕਾਨ 'ਤੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ | ਉਸ ਨੂੰ ਦੰਦਾਂ ਦੀ ਸਮੱਸਿਆ ਹੈ | ਉਸ ਦੀ ਪਤਨੀ ਅਮਨਦੀਪ ਕੌਰ ਨੂੰ ਛਾਤੀ 'ਚ ਦਰਦ ਅਤੇ ਬੇਟੀ ਖੁਸ਼ਪ੍ਰੀਤ ਕੌਰ ਨੂੰ ਚਮੜੀ ਰੋਗ ਹੈ | ਉਸ ਨੇ ਅੱਜ ਇੱਥੇ ਪਹੁੰਚਦਿਆਂ ਪੂਰੇ ਪਰਿਵਾਰ ਦਾ ਚੈੱਕਅਪ ਕਰਵਾਇਆ ਤੇ ਮੁਫ਼ਤ 'ਚ ਦਵਾਈਆਂ ਵੀ ਪ੍ਰਾਪਤ ਕੀਤੀਆਂ | ਧਨੌਲਾ ਤੋਂ ਪੁੱਜੀ ਬੀਬੀ ਕਰਤਾਰ ਕੌਰ ਨੇ ਦੱਸਿਆ ਕਿ ਉਸ ਨੂੰ ਅੱਖਾਂ ਤੇ ਦੰਦਾਂ ਦੀ ਸਮੱਸਿਆ ਹੈ ਤੇ ਇਸ ਕੈਂਪ 'ਚ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਨੇ ਉੱਚ ਪੱਧਰੀ ਇਲਾਜ ਮੁਹੱਈਆ ਕਰਵਾਇਆ |