ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜ ਕੇ ਸਮਾਜ ਸੇਵਾ ਕਰ ਰਹੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੈਰੇ ਨਿਵਾਸੀ ਕੁਲਦੀਪ ਸਿੰਘ ਮੁਲਤਾਨੀ ਤੇ ਪਵਨਜੀਤ ਕੌਰ ਮੁਲਤਾਨੀ ਵਲੋਂ ਆਪਣੇ ਨੌਜਵਾਨ ਪੱੁਤਰ ਕਰਨ ਮੁਲਤਾਨੀ ਜੋ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਿਆ ਸੀ, ਉਸ ਦੀ ਯਾਦ ਵਿਚ ਸਮਾਜ ਸੇਵਾ ਨੂੰ ਸਮਰਪਿਤ ਰਾਸ਼ਨ ਵੰਡ ਤੇ ਖ਼ੂਨਦਾਨ ਕੈਂਪ ਲਾਇਆ ਗਿਆ | ਇਹ ਜਾਣਕਾਰੀ ਦਿੰਦਿਆਂ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਕਰਨ ਮੁਲਤਾਨੀ ਦੀ ਯਾਦ ਵਿਚ ਉਸ ਦੇ ਮਾਤਾ ਪਿਤਾ ਕੁਲਦੀਪ ਸਿੰਘ ਤੇ ਪਵਨਜੀਤ ਕੌਰ ਵਲੋਂ ਪਿੰਡ ਘੁੰਨਸ, ਟੱਲੇਵਾਲ, ਪੱਖੋਕੇ, ਦਰਾਜ ਦਰਾਕਾ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਇਸੇ ਤਰ੍ਹਾਂ ਪਿੰਡ ਚੀਮਾ ਦੇ ਮੰਗਤ ਰਾਏ ਦੀ ਪੱੁਤਰੀ ਦੇ ਜਾਪੇ ਲਈ ਪੰਜੀਰੀ ਦਾ ਸਮਾਨ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਜੱਦੀ ਪਿੰਡ ਕੈਰੇ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਜਿੱਥੇ ਕਈ ਯੂਨਿਟ ਖ਼ੂਨਦਾਨੀਆਂ ਨੇ ਖ਼ੂਨ ਦਾਨ ਕੀਤਾ | ਨਿਹੰਗ ਮੁਖੀ ਸੁਖਵੀਰ ਸਿੰਘ ਵਲੋਂ ਦੀਵਾਨ ਲਾਏ ਗਏ | ਇਸ ਮੌਕੇ ਪਰਿਵਾਰ ਵਲੋਂ ਸਿੱਖ ਸੇਵਾ ਸੁਸਾਇਟੀ ਨਾਲ ਜੁੜੇ ਸਮਾਜ ਸੇਵੀ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਗੁਰੂ ਕੇ ਲੰਗਰ ਅਤੱੁਟ ਵਰਤਾਏ ਗਏ | ਉਨ੍ਹਾਂ ਦੱਸਿਆ ਕਿ ਸਿੱਖ ਸੇਵਾ ਸੁਸਾਇਟੀ ਵਲੋਂ 30 ਨਵੰਬਰ ਨੂੰ ਸ਼ਹੀਦੀ ਬਾਗ਼ ਮੌੜ ਨਾਭਾ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਵੀ ਕੀਤਾ ਜਾ ਰਿਹਾ ਹੈ |