ਮਹਿਲ ਕਲਾਂ, 3 ਦਸੰਬਰ (ਅਵਤਾਰ ਸਿੰਘ ਅਣਖੀ)-ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ (ਰਜਿ:) ਮਹਿਲ ਕਲਾਂ, ਠੁੱਲੀਵਾਲ ਦੀ ਵਿਸ਼ੇਸ਼ ਮੀਟਿੰਗ ਇੰਜੀਨੀਅਰ ਕੇਵਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇੱਥੇ ਅਨਾਜ ਮੰਡੀ ਵਿਖੇ ਹੋਈ | ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿਲ 2025 ਨੂੰ ਲਾਗੂ ਕਰਨ ਦੇ ਨੋਟੀਫ਼ਿਕੇਸ਼ਨ ਦੇ ਵਿਰੋਧ 'ਚ ਪੈਨਸ਼ਨਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਕਈ ਵਾਰ ਪੈਨਸ਼ਨਰਾਂ ਨਾਲ ਮੀਟਿੰਗਾਂ ਕਰਨ ਦੇ ਵਾਅਦੇ ਕੀਤੇ, ਪਰ ਇੱਕ ਵੀ ਮੀਟਿੰਗ ਨੂੰ ਸਮਾਂ ਨਹੀਂ ਦਿੱਤਾ ਗਿਆ | ਸਰਕਾਰ ਦਾ ਇਹ ਵਤੀਰਾ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਲਾਪਰਵਾਹੀ ਨੂੰ ਪ੍ਰਗਟ ਕਰਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 16 ਫ਼ੀਸਦੀ ਡੀ.ਏ. ਦੀ ਕਿਸ਼ਤ ਅੱਜ ਤੱਕ ਜਾਰੀ ਨਹੀਂ ਕੀਤੀ | 11 ਫ਼ੀਸਦੀ ਡੀ.ਏ. ਦੀ ਬਕਾਇਆ ਕਿਸ਼ਤ, 200 ਰੁਪਏ ਮਹੀਨਾਵਾਰ ਕਟੌਤੀ ਦੀ ਰੱਦ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਯੂਨੀਅਨ ਵਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ | ਇਸ ਮੌਕੇ ਪਾਰਸ ਮਹਿਲ ਕਲਾਂ, ਸਾਧੂ ਸਿੰਘ ਬੜੀ, ਸ਼ਿਆਮ ਸਿੰਘ ਖੇੜੀ, ਦਰਸ਼ਨ ਸਿੰਘ ਜੌਹਲਾਂ, ਮਲਕੀਤ ਸਿੰਘ ਸਹੌਰ, ਬਿੱਕਰ ਸਿੰਘ ਛੀਨੀਵਾਲ, ਸ਼ਿੰਗਾਰਾ ਸਿੰਘ ਕੁਰੜ, ਸ਼ਮਸ਼ੇਰ ਸਿੰਘ ਹਮੀਦੀ, ਜਗਦੇਵ ਸਿੰਘ ਕੁਰੜ, ਮੱਘਰ ਸਿੰਘ ਕੁਰੜ, ਹਰਬੰਸ ਸਿੰਘ ਹਮੀਦੀ, ਅਵਤਾਰ ਸਿੰਘ ਕੁਰੜ, ਸੁਰਜੀਤ ਸਿੰਘ ਖ਼ਿਆਲੀ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 8 ਦਸੰਬਰ ਨੂੰ ਬਰਨਾਲਾ ਵਿਖੇ ਬਿਜਲੀ ਸੋਧ ਬਿਲ 2025 ਦੇ ਖ਼ਿਲਾਫ਼ ਅਤੇ ਰਾਜ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਵੇਚਣ ਦੇ ਵਿਰੁੱਧ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਵੰਡ ਕੇ ਜ਼ਿੰਮੇਵਾਰੀ ਸੌਂਪੀ ਗਈ ਹੈ |