15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ਨੇ ਮਿਹਨਤ ਨਾਲ ਦੁੱਧ ਕਾਰੋਬਾਰ 'ਚ ਸਿਰਜੀ ਕਾਮਯਾਬੀ ਦੀ ਕਹਾਣੀ <br/>

ਪਿੰਡ ਜੋਧਪੁਰ ਵਿਖੇ ਅਮਨਦੀਪ ਕੌਰ ਜਾਣਕਾਰੀ ਦੇਣ ਮੌਕੇ | ਤਸਵੀਰ : ਸੁਰੇਸ਼ ਗੋਗੀ <br/> 25-12-2025
ਸ਼ਹਿਣਾ, 24 ਦਸੰਬਰ (ਸੁਰੇਸ਼ ਗੋਗੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ਆਪਣੇ 35 ਪਸ਼ੂਆਂ ਵਾਲੇ ਡੇਅਰੀ ਫਾਰਮ 'ਤੋਂ ਹਰ ਰੋਜ਼ ਲਗਭਗ 2 ਕਵਿੰਟਲ ਦੁੱਧ ਦਾ ਉਤਪਾਦਨ ਕਰ ਕੇ ਕਾਮਯਾਬੀ ਦੀ ਮਿਸਾਲ ਬਣ ਗਈ ਹੈ | ਅਮਨਦੀਪ ਕੌਰ ਪੂਰੇ ਡੇਅਰੀ ਫਾਰਮ ਦਾ ਪ੍ਰਬੰਧ ਖ਼ੁਦ ਕਰਦੀ ਹੈ ਅਤੇ ਜ਼ਿਲ੍ਹੇ ਦੀਆਂ ਸਰਗਰਮ ਮਹਿਲਾ ਡੇਅਰੀ ਕਿਸਾਨਾਂ ਵਿਚੋਂ ਇਕ ਹੈ | ਉਹ ਇਕ ਸਧਾਰਣ ਪਰਿਵਾਰ ਨਾਲ ਸਬੰਧਿਤ ਹੈ ਅਤੇ ਤਿੰਨ ਭੈਣਾਂ ਵਿਚੋਂ ਸੱਭ ਤੋਂ ਛੋਟੀ ਹੈ | ਅਮਨਦੀਪ ਨੇ ਦੱਸਿਆ ਕਿ ਉਹ ਬਹੁਤ ਸਾਧਾਰਨ ਪਰਿਵਾਰ ਤੋਂ ਹੈ ਅਤੇ ਜੀਵਨ ਬਸਰ ਕਰਨ ਦੇ ਸਾਧਨ ਸੀਮਤ ਸਨ | ਖੇਤੀ ਦੇ ਨਾਲ- ਨਾਲ ਉਨ੍ਹਾਂ ਦੇ ਪਰਿਵਾਰ ਨੇ ਦੋ ਮੱਝਾਂ ਵੀ ਰੱਖੀਆਂ ਸਨ ਤਾਂ ਜੋ ਕੁੱਝ ਵਾਧੂ ਆਮਦਨ ਹੋ ਸਕੇ | ਭਰਾ ਦੇ ਵਿਛੋੜੇ ਤੋਂ ਬਾਅਦ ਮੈਂ ਮਾਪਿਆਂ ਲਈ ਕੁੱਝ ਕਰਨ ਦਾ ਫ਼ੈਸਲਾ ਕੀਤਾ ਅਤੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ | ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਅਮਨਦੀਪ ਕੌਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮਹਿਲਾਵਾਂ ਹੀ ਨਹੀਂ ਪਰ ਪੁਰਸ਼ਾਂ ਲਈ ਵੀ ਪੇ੍ਰਰਨਾ ਦਾ ਸਰੋਤ ਹੈ | ਉਨ੍ਹਾਂ ਕਿਹਾ ਕਿ ਅਮਨਦੀਪ ਦੀ ਮਿਹਨਤ 'ਚ ਸ਼ਿੱਦਤ ਦੀ ਝਲਕ ਹੈ ਅਤੇ ਉਹ ਉਨ੍ਹਾਂ ਸਾਰਿਆਂ ਲਈ ਮਿਸਾਲ ਹੈ ਜੋ ਕਿ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ ਜਿਹੜੇ ਇਸ ਖੇਤਰ ਵਿਚ ਆਉਣਾ ਚਾਹੁੰਦੇ ਹਨ, ਅਮਨਦੀਪ ਤੋਂ ਪਸ਼ੂ ਸੰਭਾਲ ਅਤੇ ਪ੍ਰਬੰਧ ਦੇ ਤਰੀਕੇ ਸਿੱਖ ਸਕਦੇ ਹਨ | ਅਮਨਦੀਪ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਸਿਰਫ਼ ਦੋ ਪਸ਼ੂਆਂ ਨਾਲ ਕੀਤੀ ਸੀ ਅਤੇ ਅੱਜ ਉਸ ਕੋਲ 35 ਗਾਵਾਂ ਅਤੇ ਮੱਝਾਂ ਹਨ | ਉਸ ਦੀ ਇਕ ਗਾਂ ਹਰ ਰੋਜ਼ 40 ਤੋਂ 45 ਲੀਟਰ ਤੱਕ ਦੁੱਧ ਦਿੰਦੀ ਹੈ | ਅਮਨਦੀਪ ਬਿਜ਼ਨਸ ਐਡਮਨਿਸਟਰੇਸ਼ਨ ਵਿਚ ਗ੍ਰੈਜੂਏਟ ਹੈ | ਸਾਲ 2021 ਵਿਚ ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਅਤੇ ਬਰਨਾਲਾ ਦੇ ਡੇਅਰੀ ਵਿਭਾਗ ਤੋਂ ਸਿਖਲਾਈ ਪ੍ਰਾਪਤ ਕੀਤੀ | ਡੇਅਰੀ ਵਿਕਾਸ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਤੋਂ ਬਾਅਦ ਅਮਨਦੀਪ ਨੇ ਕਦੇ ਮੁੜ ਪਿੱਛੇ ਨਹੀਂ ਵੇਖਿਆ | ਵਿਭਾਗ ਦੀ ਮਦਦ ਨਾਲ ਉਸ ਨੇ ਸਬਸਿਡੀ ਲਈ ਅਰਜ਼ੀ ਦਿੱਤੀ, ਕਰਜ਼ਾ ਲਿਆ ਅਤੇ ਅੱਜ ਉਹ ਸਫਲ ਡੇਅਰੀ ਉਦਯੋਗ ਚਲਾ ਰਹੀ ਹੈ | ਅਮਨਦੀਪ ਨੇ ਦੱਸਿਆ ਕਿ ਉਸ ਨੇ ਕਰਜ਼ੇ ਅਤੇ ਸਬਸਿਡੀ ਦੀ ਰਕਮ ਨਾਲ ਪਸ਼ੂਆਂ ਲਈ ਸ਼ੈੱਡ ਤਿਆਰ ਕੀਤਾ | ਅਮਨਦੀਪ ਦਾ ਮੰਨਣਾ ਹੈ ਕਿ ਆਪਣੇ ਕਾਮਯਾਬ ਡੇਅਰੀ ਫਾਰਮ ਨਾਲ ਉਸ ਨੇ ਇਹ ਸਾਬਤ ਕੀਤਾ ਹੈ ਕਿ ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਪਰਿਵਾਰ ਦਾ ਸਹਾਰਾ ਬਣ ਸਕਦੀਆਂ ਹਨ | ਅੱਜ ਉਸ ਦਾ ਪੁਰਾਣਾ ਟੁੱਟਿਆ ਘਰ ਇਕ ਨਵੇਂ ਮਕਾਨ ਵਿਚ ਬਦਲ ਚੁੱਕਾ ਹੈ ਅਤੇ ਉਹ ਪੂਰੀ ਲਗਨ ਨਾਲ ਆਪਣੇ ਫਾਰਮ ਦਾ ਪ੍ਰਬੰਧ ਕਰ ਰਹੀ ਹੈ ਅਤੇ ਪਰਿਵਾਰ ਦੀ ਮੁੱਖ ਕਮਾਉਣ ਵਾਲੀ ਬਣ ਗਈ ਹੈ | ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉੱਦਮੀ ਬਣਨ ਤੇ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਲਗਾਤਾਰ ਮਿਹਨਤ ਕਰਨ |

ਪਿਛਲੀ ਖ਼ਬਰ ਜੀ.ਐਸ. ਪਬਲਿਕ ਸਕੂਲ ਧੌਲਾ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਡਾ. ਸਕਰੌਦੀ ਦੀ ਪੁਸਤਕ 'ਚਾਰ ਨਾਵਲ' ਦਾ ਲੋਕ ਅਰਪਣ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।