ਨਾਰਾਇਣਗੜ੍ਹ, 19 ਜੂਨ (ਪੀ ਸਿੰਘ)-ਸਬ-ਡਵੀਜ਼ਨ ਪੱਧਰ 'ਤੇ ਲਗਾਏ ਗਏ ਸਮਾਧਾਨ ਕੈਂਪ ਦੀ ਪ੍ਰਧਾਨਗੀ ਕਰਦਿਆਂ ਐੱਸ.ਡੀ.ਐੱਮ. ਸ਼ਿਵਜੀਤ ਭਾਰਤੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਕੈਂਪ 'ਚ ਜ਼ਿਆਦਾਤਰ ਸ਼ਿਕਾਇਤਾਂ ਪਰਿਵਾਰਕ ਪਛਾਣ ਪੱਤਰਾਂ 'ਚ ਗਲਤੀਆਂ ਨੂੰ ਸੁਧਾਰਨ, ਸੀਵਰੇਜ ਸਿਸਟਮ ਦੀ ਮੁਰੰਮਤ, ਪਾਣੀ ਦੀ ਨਿਕਾਸੀ ਦੀ ਸਮੱਸਿਆ, ਸੈਨੀਟੇਸ਼ਨ ਸਿਸਟਮ ਅਤੇ ਬੀ.ਪੀ. ਐਲ. ਕਾਰਡ ਨਾਲ ਸੰਬੰਧਤ ਸਨ | ਇਸ ਮੌਕੇ ਐੱਸ.ਡੀ.ਐਮ. ਨੇ ਹਰੇਕ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਨਾਰਾਇਣਗੜ੍ਹ ਦੇ ਨਾਇਬ ਤਹਿਸੀਲਦਾਰ ਸੰਜੀਵ ਅੱਤਰੀ ਅਤੇ ਸ਼ਹਿਜ਼ਾਦਪੁਰ ਦੇ ਨਾਇਬ ਤਹਿਸੀਲਦਾਰ ਅਮਿਤ ਵਰਮਾ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ | ਅੰਤ 'ਚ ਐੱਸ.ਡੀ.ਐੱਮ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਨਤਕ ਸਮੱਸਿਆਵਾਂ ਦੇ ਹੱਲ ਦੌਰਾਨ ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਤੇਜ਼ੀ ਦੀ ਪਾਲਣਾ ਕਰਨ ਤਾਂ ਜੋ ਆਮ ਆਦਮੀ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਆਸਾਨੀ ਨਾਲ ਲੈ ਸਕੇ |